ਬਠਿੰਡਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਅਤੇ ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰ ਸਾਰਜ ਮਿੰਟੂ ਉਰਫ ਸਾਰਜ ਸੰਧੂ ਨੂੰ ਲੈ ਕੇ ਹੈਰਾਨੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸਾਰਜ ਮਿੰਟੂ ਉਰਫ ਸਾਰਜ ,ਸੰਧੂ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ 19 ਜੂਨ ਨੂੰ ਫੋਟੋਆਂ ਅਪਲੋਡ ਕੀਤੀਆਂ ਗਈਆਂ ਹਨ। ਜਿਸ ’ਤੇ ਜੇਲ੍ਹ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਤਸਵੀਰਾਂ ਬਠਿੰਡਾ ਦੀ ਕੇਂਦਰੀ ਜੇਲ੍ਹ ਚੋਂ ਅਪਲੋਡ ਕੀਤੀਆਂ ਗਈਆਂ ਹਨ।
ਜੇਲ੍ਹ ਅਧਿਕਾਰੀ ਨੇ ਕੀਤੀ ਸ਼ਿਕਾਇਤ:ਮਿਲੀ ਜਾਣਕਾਰੀ ਮੁਤਾਬਿਕ ਜੇਲ੍ਹ ਅਧਿਕਾਰੀ ਭੁਪਿੰਦਰ ਸਿੰਘ ਦੀ ਸ਼ਿਕਾਇਤ ’ਤੇ ਬਠਿੰਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਦੱਸ ਦਈਏ ਕਿ ਸਾਰਜ ਸੰਧੂ ਉਰਫ ਸਾਰਜ ਮਿੰਟੂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਚ ਅਹਿਮ ਭੂਮਿਕਾ ਨਿਭਾਈ ਸੀ।
'ਸਾਰਜ ਮਿੰਟੂ ਖਿਲਾਫ਼ ਮਾਮਲਾ ਦਰਜ': ਕੇਂਦਰੀ ਜੇਲ੍ਹ ਦੀ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਪੱਤਰ ਪ੍ਰਾਪਤ ਹੋਇਆ ਸੀ ਜਿਸ ਵਿੱਚ ਗੈਂਗਸਟਰ ਸਾਰਜ ਸੰਧੂ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਤਿੰਨ ਫੋਟੋਆਂ ਅਪਲੋਡ ਕਰਨ ਦੀ ਸ਼ਿਕਾਇਤ ਮਿਲੀ ਸੀ। ਜੇਲ੍ਹ ਅਧਿਕਾਰੀਆਂ ਨੂੰ ਸ਼ੱਕ ਸੀ ਕਿ ਇਹ ਫੋਟੋਆਂ ਦੀ ਜੇਲ੍ਹ ਵਿੱਚੋਂ ਅਪਲੋਡ ਕੀਤੀਆਂ ਗਈਆਂ ਹਨ। ਜਿਸ ’ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਏ ਸਾਰਜ ਮਿੰਟੂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸਾਰਜ ਮਿੰਟੂ ਖਿਲਾਫ਼ ਮਾਮਲਾ ਦਰਜ ਬਠਿੰਡਾ ਚ ਗੈਂਗਸਟਰ ਬੰਦ: ਕਾਬਿਲੇਗੌਰ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ, ਕਿਉਂਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਨੂੰ ਹਾਈ ਸਕਿਓਰਿਟੀ ਜੇਲ ਮੰਨਿਆ ਜਾਂਦਾ ਹੈ ਤੇ ਕਰੀਬ ਤਿੰਨ ਦਰਜਨ ਤੋਂ ਜਿਆਦਾ ਗੈਂਗਸਟਰ ਬੰਦ ਹਨ ਅਤੇ ਬਾਕਾਇਦਾ ਮੋਬਾਇਲ ਸੇਵਾ ਬੰਦ ਕਰਨ ਲਈ ਜੈਮਰ ਲਗਾਏ ਗਏ ਹਨ ਪਰ ਇਸ ਘਟਨਾ ਤੋਂ ਬਾਅਦ ਸੁਰੱਖਿਆ ਦੇ ਪ੍ਰਬੰਧਾਂ ਤੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ।
ਗੈਂਗਸਟਰ ਲਾਰੈਂਸ ਤੋਂ ਪੁੱਛਗਿੱਛ ਕੀਤੀ ਜਾ ਰਹੀ: ਮਾਮਲੇ ’ਚ ਪੰਜਾਬ ਪੁਲਿਸ ਮੂਸੇਵਾਲਾ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੈਂਸ ਗੈਂਗ ਦੇ ਸਰਗਨਾ ਗੈਂਗਸਟਰ ਲਾਰੈਂਸ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਉਸ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਕੈਨੇਡ ਬੈਠੇ ਸਾਥੀ ਗੈਂਗਸਟਰ ਗੋਲਡੀ ਬਰਾੜ ਨੂੰ ਵੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।
ਕਈ ਵਾਰ ਮਿਲ ਚੁੱਕੇ ਹਨ ਫੋਨ: ਦੱਸ ਦਈਏ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਚੋਂ ਕਈ ਵਾਰ ਵੱਡੀ ਗਿਣਤੀ ਚ ਫੋਨ ਅਤੇ ਨਸ਼ਾ ਬਰਾਮਦ ਹੋ ਚੁੱਕਾ ਹੈ। ਹਰ ਵਾਰ ਜੇਲ੍ਹ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਜੇਲ੍ਹ ਚ ਵਧਦੇ ਅਪਰਾਧਿਕ ਮਾਮਲਿਆਂ ਦੇ ਚੱਲਦੇ ਸੀਆਰਪੀਐਫ ਤੈਨਾਤ ਕੀਤੀ ਗਈ ਤਾਂ ਜੋ ਇਨ੍ਹਾਂ ਮਾਮਲਿਆਂ ਤੋਂ ਨਜਿੱਠਿਆ ਜਾ ਸਕੇ ਪਰ ਮਾਮਲੇ ਜਿਉਂ ਦੇ ਤਿਉਂ ਹੀ ਹਨ। ਹੁਣ ਜੇਲ੍ਹ ’ਚ ਗੈਂਗਸਟਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਫੋਟੋਆਂ ਅਪਲੋਡ ਕਰਨਾ ਮੁੜ ਤੋਂ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ’ਤੇ ਸਵਾਲ ਖੜੇ ਕਰ ਰਿਹਾ ਹੈ।
ਹੁਣ ਤੱਕ 11 ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ : ਦੂਜੇ ਪਾਸੇ ਪੰਜਾਬ ਪੁਲਿਸ ਮੂਸੇਵਾਲਾ ਕਤਲ ਕਾਂਡ ਵਿੱਚ ਹੁਣ ਤੱਕ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਿਸ ਵਿੱਚ ਸ਼ਾਰਪ ਸ਼ੂਟਰਾਂ ਨੂੰ ਕੋਰੋਲਾ ਗੱਡੀਆਂ ਦੇਣ ਵਾਲੇ ਮਨਪ੍ਰੀਤ ਭਾਊ, ਗੈਂਗਸਟਰ ਮਨਪ੍ਰੀਤ ਮੰਨਾ ਅਤੇ ਸਾਰਜ ਮਿੰਟੂ, ਪ੍ਰਭਦੀਪ ਸਿੱਧੂ ਉਰਫ਼ ਪੱਬੀ, ਮੋਨੂੰ ਡਾਗਰ, ਪਵਨ ਬਿਸ਼ਨੋਈ, ਨਸੀਬ ਖਾਨ, ਮਨਮੋਹਨ ਸਿੰਘ ਮੋਹਣਾ ਅਤੇ ਮੂਸੇਵਾਲਾ ਦੇ ਫੈਨ ਬਣੇ ਸੰਦੀਪ ਕੇਕੜਾ ਵੀ ਸ਼ਾਮਲ ਹਨ।
ਵਾਰਦਾਤ 'ਚ ਲੋੜ ਪੈਣ ਉੱਤੇ ਵਰਤੇ ਜਾਣ ਵਾਲੇ ਹਥਿਆਰ ਬਰਾਮਦ:ਮੁਲਜ਼ਮਾਂ ਵਲੋਂ ਵਾਰਦਾਤ 'ਚ ਲੋੜ ਪੈਣ ਉੱਤੇ ਵਰਤੇ ਜਾਣ ਵਾਲੇ ਹਥਿਆਰ ਵੀ ਬਰਾਮਦ ਕਰ ਲਏ ਗਏ। ਐਚਜੀਐਸ ਧਾਲੀਵਾਲ ਨੇ ਦੱਸਿਆ ਕਿ ਹਥਿਆਰ ਹਰਿਆਣਾ ਦੇ ਹਿਸਾਰ ਦੇ ਪਿੰਡ ਕਿਰਮਾੜ ਚੋਂ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਲੋਂ ਇਸ ਦਾ ਖੁਲਾਸਾ ਕੀਤਾ ਗਿਆ। 6 ਲੋਕਾਂ ਵਲੋਂ ਸਿੱਧੂ ਮੂਸੇਵਾਲਾ ਉੱਤੇ ਫਾਇਰਿੰਗ ਕੀਤੀ ਗਈ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਕਰਨ ਵਾਲਿਆਂ ਨੇ ਘਟਨਾ ਦੌਰਾਨ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਖਰੀਦੀਆਂ ਸਨ, ਪਰ ਉਨ੍ਹਾਂ ਕੋਲ ਨਾਮ ਪਲੇਟਾਂ ਨਾ ਹੋਣ ਕਾਰਨ ਉਨ੍ਹਾਂ ਦੀ ਵਰਤੋਂ ਨਹੀਂ ਕਰ ਸਕੇ। ਕੁੱਲ 6 ਵਰਦੀਆਂ ਖ਼ਰੀਦੀਆਂ ਗਈਆਂ।
ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ: ਦੱਸ ਦਈਏ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਦਾ ਭਰਾ ਅਤੇ ਦੋਸਤ ਵੀ ਉਨ੍ਹਾਂ ਦੀ ਗੱਡੀ 'ਚ ਸਵਾਰ ਸਨ, ਜੋ ਹਮਲੇ 'ਚ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਸਿਆਸੀ ਹੰਗਾਮਾ ਹੋ ਗਿਆ। ਅਪਰਾਧੀਆਂ ਨੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹਮਲਾਵਰਾਂ ਨੇ ਮੂਸੇਵਾਲਾ 'ਤੇ ਕਰੀਬ 30 ਰਾਊਂਡ ਫਾਇਰ ਕੀਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜੋ:ਸਿੱਧੂ ਮੂਸੇਵਾਲਾ ਕਤਲਕਾਂਡ- ਦਿੱਲੀ ਸਪੈਸ਼ਲ ਸੈਲ ਦੀ PC: 'ਸਿੱਧੂ 'ਤੇ AK-47 ਨਾਲ ਚਲਾਈ ਗੋਲੀ, ਗ੍ਰੇਨੇਡ ਹਮਲੇ ਦੀ ਵੀ ਸੀ ਪਲਾਨਿੰਗ'