ਬਠਿੰਡਾ: ਸ਼ਹਿਰ ਦੇ ਪਿੰਡ ਹਰਰਾਏਪੁਰ ਵਿਖੇ ਹੈਪੇਟਾਇਟਸਲ ਏ ਦੇ ਮਰੀਜ਼ਾਂ ਦੀ ਗਿਣਤੀ 119 ਤੱਕ ਪਹੁੰਚ ਗਈ ਹੈ। ਇਸ ਦੀ ਪੁਸ਼ਟੀ ਬਠਿੰਡਾ ਦੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ।
ਬਠਿੰਡਾ ਵਿੱਚ ਹੈਪੇਟਾਇਟਸ-ਏ ਦਾ ਕਹਿਰ ਜਾਰੀ
ਬਠਿੰਡਾ ਦੇ ਪਿੰਡ ਹਰਰਾਏਪੁਰ ਵਿੱਚ ਹੈਪੇਟਾਇਟਸ ਏ ਦੇ ਮਰੀਜ਼ਾਂ ਦੀ ਗਿਣਤੀ 119 ਤੱਕ ਪੁੱਜ ਗਈ ਹੈ। ਇਕੱਲੇ ਹਰਰਾਏਪੁਰ ਪਿੰਡ ਵਿੱਚ ਹੀ 119 ਮਰੀਜ਼ ਇਸ ਦੇ ਸ਼ਿਕਾਰ ਪਾਏ ਗਏ ਹਨ। ਪੀੜਤ ਲੋਕਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਇਲਾਜ ਲਈ ਰੱਖਿਆ ਗਿਆ ਹੈ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਮਾ ਮੰਡੀ ਵਿੱਚ ਵੀ 40 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਬਿਮਾਰੀ ਦੂਸ਼ਿਤ ਪਾਣੀ ਪੀਣ ਕਾਰਨ ਫੈਲੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਉਮੇਸ਼ ਗੁਪਤਾ ਨੇ ਦੱਸਿਆ ਕਿ ਪਿੰਡ ਹਰਰਾਏਪੁਰ ਵਿੱਚ 464 ਮਰੀਜ਼ਾਂ ਦੀ ਸਕਰੀਨਿੰਗ ਕੀਤੀ ਗਈ ਜਿਸ ਵਿੱਚ 119 ਮਰੀਜ਼ ਹੈਪੇਟਾਇਟਸ ਏ ਦੇ ਸ਼ਿਕਾਰ ਪਾਏ ਗਏ ਹਨ। ਇਸ ਤੋਂ ਇਲਾਵਾ ਰਾਮਾ ਮੰਡੀ ਵਿਖੇ 82 ਮਰੀਜ਼ਾਂ ਦੀ ਸਕਰੀਨਿੰਗ ਕੀਤੀ ਗਈ ਜਿਨ੍ਹਾਂ ਚੋਂ 40 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਦੱਸਣਯੋਗ ਹੈ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ ਲਈ ਇਨ੍ਹਾਂ ਇਲਾਕਿਆਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਵੀ ਲਏ ਗਏ ਹਨ। ਡਾ. ਉਮੇਸ਼ ਗੁਪਤਾ ਨੇ ਦੱਸਿਆ ਕਿ ਪਿੰਡ ਹਰਰਾਏਪੁਰ ਦੇ ਵਾਟਰ ਵਰਕਸ ਦਾ ਪਾਣੀ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਉਕਤ ਵਾਟਰ ਵਰਕਸ ਤੋਂ ਪਿੰਡਾਂ ਨੂੰ ਪਾਣੀ ਦੀ ਸਪਲਾਈ ਨਾ ਹੋ ਸਕੇ ਅਤੇ ਹੋਰ ਲੋਕਾਂ ਨੂੰ ਹੈਪੇਟਾਇਟਸ ਤੋਂ ਬਚਾਇਆ ਜਾ ਸਕੇ। ਇਸ ਮੌਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਹਸਪਤਾਲ ਦੇ ਸਿਵਲ ਸਰਜਨ ਨੇ ਵੀ ਦੋਹਾਂ ਇਲਾਕਿਆਂ ਦਾ ਦੌਰਾ ਕੀਤਾ।