ਬਠਿੰਡਾ :ਪਿੰਡ ਬੀੜ ਤਲਾਬ ਦੇ ਇੱਕ ਗੁਰਦੁਆਰਾ ਸਾਹਿਬ ’ਚ ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਅਤੇ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਨਾਉਣ ਲਈ ਭਾਜਪਾ ਵੱਲੋਂ ਦਿੱਤੇ ਬਿਆਨ ਨੂੰ ਲੈਕੇ ਪ੍ਰਧਾਨ ਨਰਿੰਦਰ ਮੋਦੀ ਦੇ ਹੱਕ ’ਚ ਅਰਦਾਸ ਕਰਨ ਵਾਲੇ ਗਰੰਥੀ ਗੁਰਮੇਲ ਸਿੰਘ ਵਾਸੀ ਬੀੜ ਤਲਾਬ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਅੱਜ ਇਹ ਮਾਮਲਾ ਮੀਡੀਆ ’ਚ ਸੁਰਖੀਆਂ ਬਣਨ ਤੇ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਸਬੰਧਤ ਗਰੰਥੀ ਨੂੰ ਹਿਰਾਸਤ ’ਚ ਲੈਣ ਉਪਰੰਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੰਚਾਉਣ ਨਾਲ ਸਬੰਧਤ ਧਾਰਾ 295 ਏ ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਹੁਣ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੂੰਘਾਈ ਨਾਲ ਪੜਤਾਲ ਕਰਨ ’ਚ ਜੁਟ ਗਈ ਹੈ।
ਬਠਿੰਡਾ ਦੇ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇਕੇ ਗੁਰਮੇਲ ਸਿੰਘ ਖਾਲਸਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਪਿੰਡ ਬੀੜ ਤਲਾਬ ’ਚ ਅੱਜ ਸਵੇਰ ਵੇਲੇ ਗਰੰਥੀ ਗੁਰਮੇਲ ਸਿੰਘ ਖਾਲਸਾ ਨੇ ਪਿੰਡ ਦੀਆਂ ਔਰਤਾਂ ਦੀ ਮੌਜੂਦਗੀ ’ਚ ਦੋਵਾਂ ਸਬੰਧੀ ਕੀਤੀ ਸੀ। ਆਪਣੇ ਆਪ ਨੂੰ ਤਿੰਨ ਪਿੰਡਾਂ ਦਾ ਸਰਪੰਚ ਦੱਸਣ ਵਾਲੇ ਗੁਰਮੇਲ ਸਿੰਘ ਖਾਲਸਾ ਦੀ ਪਤਨੀ ਰਾਜਪਾਲ ਕੌਰ ਪਿੰਡ ਬੀੜ ਤਲਾਬ ਦੀ ਸਰਪੰਚ ਹੈ। ਗਰੰਥੀ ਦਾ ਕਹਿਣਾ ਸੀ ਕਿ ਡਾ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੁਸ਼ਾਕ ਦੇ ਅਧਾਰ ਤੇ ਸੁਨਾਰੀਆ ਜੇਲ੍ਹ ’ਚ ਬੰਦ ਕਰਵਾਇਆ ਹੈ। ਉਸ ਨੇ ਇਸ ਸਬੰਧ ’ਚ ਜਿੰਮੇਵਾਰ ਇੱਕ ਵੱਡੇ ਅਕਾਲੀ ਆਗੂ ਦਾ ਨਾਮ ਵੀ ਲਿਆ ਹੈ ਜਿਸ ਨੇ ਨਰਿੰਦਰ ਮੋਦੀ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਹੈ।