ਬਠਿੰਡਾ: ਪਿੰਡ ਚਾਉਕੇ 'ਚ ਕਬੱਡੀ ਕੋਚ ਰੁਪਿੰਦਰ ਸਿੰਘ ਦੇ ਕਤਲ ਮਾਮਲੇ 'ਚ ਨਾਮਜ਼ਦ ਮੁਲਜ਼ਮਾਂ ਵਲੋਂ ਲਾਈਵ ਹੋ ਕੇ ਆਪਣਾ ਪੱਖ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਵਲੋਂ ਕਤਲ ਦੇ ਅਸਲ ਕਾਰਨਾਂ ਸਬੰਧੀ ਵੀ ਖੁਲਾਸੇ ਕੀਤੇ ਹਨ। ਇਸ ਨੂੰ ਲੈਕੇ ਮੁਲਜ਼ਮਾਂ ਦਾ ਕਹਿਣਾ ਕਿ ਉਨ੍ਹਾਂ ਦੀ ਕੋਚ ਨਾਲ ਕਿਸੇ ਵੀ ਤਰ੍ਹਾਂ ਦੀ ਦੁਸ਼ਮਣੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਮੁਰਗਿਆਂ ਦੇ ਚੋਰੀ ਹੋਣ ਤੋਂ ਬਾਅਦ ਹੀ ਵਧਿਆ। ਉਕਤ ਨੌਜਵਾਨਾਂ ਨੇ ਦੱਸਿਆ ਕਿ ਕਬੱਡੀ ਕੋਚ ਵਲੋਂ ਉਨ੍ਹਾਂ ਨੂੰ ਗਲਤ ਸ਼ਬਦਾਬਲੀ ਵਰਤੀ ਜਾ ਰਹੀ ਸੀ ਅਤੇ ਪੁਲਿਸ ਥਾਣੇ 'ਚ ਹੀ ਉਸ ਵਲੋਂ ਧਮਕੀਆਂ ਵੀ ਦਿੱਤੀਆਂ ਗਈਆਂ।
ਇਸ ਸਬੰਧੀ ਉਕਤ ਨੌਜਵਾਨਾਂ ਦਾ ਕਹਿਣਾ ਕਿ ਕੋਚ ਵਲੋਂ ਲੜਾਈ ਸਬੰਧੀ ਟਾਇਮ ਬੰਨ੍ਹਣ ਦੀ ਧਮਕੀ ਦਿੱਤੀ ਜਾ ਰਹੀ ਸੀ ਅਤੇ ਉਨ੍ਹਾਂ ਦੇ ਘਰ ਆ ਕੇ ਵੀ ਕੋਚ ਵਲੋਂ ਗਲਤ ਸ਼ਬਦਾਬਲੀ ਦੀ ਵਰਤੋਂ ਕੀਤੀ ਗਈ। ਉਕਤ ਨੌਜਵਾਨਾਂ ਦਾ ਕਹਿਣਾ ਕਿ ਉਹ ਕੋਈ ਵੀ ਚਿੱਟੇ ਦਾ ਕੰਮ ਨਹੀਂ ਕਰਦੇ। ਉਨ੍ਹਾਂ ਨੂੰ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ। ਇਸ ਸਭ ਨੂੰ ਲੈਕੇ ਉਨ੍ਹਾਂ ਲੱਖਾ ਸਿਧਾਣਾ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ।