ਬਠਿੰਡਾ : ਪ੍ਰਤਾਪ ਨਗਰ ਵਿੱਚ ਰਹਿਣ ਵਾਲੇ ਮਹਿਜ਼ ਛੇ ਸਾਲਾ ਬੱਚਾ ਫਤਿਹ ਸਿੰਘ ਖੁਰਮੀ ਛੋਟੀ ਉਮਰ ਵਿੱਚ ਵੱਡਾ ਕੁਝ ਕਰਨ ਦਾ ਜਜ਼ਬਾ ਰੱਖਦਾ ਹੈ। ਮਹਿਜ਼ ਤਿੰਨ ਸਾਲ ਦੀ ਉਮਰ ਤੋਂ ਪੇਂਟਿੰਗ ਦਾ ਸ਼ੌਕ ਰੱਖਣ ਵਾਲੇ ਫਤਿਹ ਸਿੰਘ ਖੁਰਮੀ ਨੇ ਬਿਨਾਂ ਪੈਨਸਲ ਅਤੇ ਰੇਜ਼ਰ ਦੀ ਵਰਤੋਂ ਕਰ ਸਕੈੱਚ ਨਾਲ ਸੈਂਕੜਿਆਂ ਦੀ ਗਿਣਤੀ ਵਿਚ ਪੇਂਟਿੰਗ ਬਣਾਈਆਂ ਹਨ। ਇਸਦੇ ਨਾਲ ਹੀ ਉਸ ਵੱਲੋਂ ਕਲੇਅ ਨਾਲ ਛੋਟੇ-ਛੋਟੇ ਖਿਡੌਣੇ ਵੀ ਬਣਾਏ ਜਾਂਦੇ ਹਨ।
ਫਤਿਹ ਸਿੰਘ ਖੁਰਮੀ ਦਾ ਕੀ ਕਹਿਣਾ ਹੈ ?
ਫਤਿਹ ਸਿੰਘ ਖੁਰਮੀ ਨੇ ਦੱਸਿਆ ਕਿ ਉਸ ਨੂੰ ਪੇਂਟਿੰਗਜ਼ ਅਤੇ ਕਲੇਅ ਨਾਲ ਖਿਡੌਣੇ ਬਣਾਉਣ ਦਾ ਸ਼ੌਕ ਹੈ। ਉਸ ਨੇ ਦੱਸਿਆ ਕਿ ਮਹਿਜ਼ ਤਿੰਨ ਸਾਲ ਦੀ ਉਮਰ ਵਿੱਚ ਹੀ ਉਸਨੇ ਪੇਂਟਿੰਗਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਦੇ ਨਾਲ ਹੀ ਪਰਿਵਾਰ ਦੀ ਪ੍ਰੇਰਨਾ ਸਦਕਾ ਉਸ ਵੱਲੋਂ ਕਲੇਅ ਨਾਲ ਛੋਟੇ-ਛੋਟੇ ਖਿਡੌਣੇ ਬਣਾਏ ਜਾਂਦੇ ਹਨ, ਜੋ ਮਹਿਜ਼ ਤਿੰਨ ਤੋਂ ਚਾਰ ਮਿੰਟ ਵਿਚ ਤਿਆਰ ਕੀਤੇ ਜਾਂਦੇ ਹਨ। ਛੋਟੀ ਉਮਰ 'ਚ ਵੱਡਾ ਜਜ਼ਬਾ ਰੱਖਣ ਵਾਲੇ ਫਤਿਹ ਸਿੰਘ ਖੁਰਮੀ ਨੇ ਹੁਣ ਆਪਣੇ ਸ਼ੌਕ ਨੂੰ ਹੋਰ ਵਧਾਉਣਾ ਸ਼ੁਰੂ ਕਰ ਦਿੱਤਾ। ਉਸ ਵਲੋਂ ਬਿਨਾਂ ਰੇਜ਼ਰ ਅਤੇ ਪੈਨਸਿਲ ਦੀ ਵਰਤੋਂ ਕੀਤਿਆਂ ਮਾਰਕਰ ਨਾਲ ਮਹਿਜ਼ ਕੁਝ ਮਿੰਟਾਂ ਵਿੱਚ ਹੀ ਪੇਂਟਿੰਗਜ਼ ਤਿਆਰ ਕੀਤੀਆਂ ਜਾਂਦੀਆਂ ਹਨ।
ਵੱਡੀ ਭੈਣ ਰਿੰਮੀ ਖੁਰਮੀ ਦਾ ਕੀ ਕਹਿਣਾ ?
ਫ਼ਤਿਹ ਖੁਰਮੀ ਦੀ ਵੱਡੀ ਭੈਣ ਰਿੰਮੀ ਖੁਰਮੀ ਨੇ ਦੱਸਿਆ ਕਿ ਜਦੋਂ ਪਹਿਲੀ ਵਾਰ ਫਤਿਹ ਨੇ ਉਸ ਨੂੰ ਪੇਂਟਿੰਗ ਬਣਾ ਕੇ ਦਿਖਾਈ ਤਾਂ ਹੈਰਾਨ ਰਹਿ ਗਈ ਅਤੇ ਉਨ੍ਹਾਂ ਨੂੰ ਯਕੀਨ ਨਹੀਂ ਆਇਆ ਕਿ ਇਹ ਪੇਂਟਿੰਗ ਫਤਿਹ ਵੱਲੋਂ ਬਣਾਈ ਗਈ ਹੈ। ਫਿਰ ਉਨ੍ਹਾਂ ਵੱਲੋਂ ਕੋਲ ਬਿਠਾ ਕੇ ਫ਼ਤਿਹ ਤੋਂ ਪੇਂਟਿੰਗ ਕਰਵਾਈ ਗਈ ਅਤੇ ਉਸ ਦੀ ਇਸ ਕਲਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਫਤਿਹ 'ਚ ਕੁਝ ਛੋਟੇ ਬੱਚਿਆਂ ਨਾਲੋਂ ਵਿਲੱਖਣ ਜ਼ਰੂਰ ਹੈ, ਜਿਸ ਵੱਲੋਂ ਇੰਨੀ ਛੋਟੀ ਉਮਰ ਵਿੱਚ ਪੇਂਟਿੰਗਜ਼ ਅਤੇ ਕਲੇਅ ਨਾਲ ਖਿਡੌਣੇ ਬਣਾਏ ਜਾਂਦੇ ਹਨ।