ਬਠਿੰਡਾ: ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰ ਸੂਬੇ 'ਚ ਕਣਕ ਤੇ ਰਾਸ਼ਨ ਵੰਡਣ ਨੂੰ ਲੈ ਕੇ ਕੈਪਟਨ ਸਰਕਾਰ 'ਤੇ ਘੁਟਾਲਾ ਕਰਨ ਦੇ ਦੋਸ਼ ਲਾਏ ਹਨ।
ਕੈਪਟਨ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ 'ਚ ਕੀਤਾ ਘੁਟਾਲਾ: ਹਰਸਿਮਰਤ ਬਾਦਲ - Harsimrat Kaur Badal
ਕੇਂਦਰੀ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕੈਪਟਨ ਸਰਕਾਰ 'ਤੇ ਲੌਕਡਾਊਨ ਦੌਰਾਨ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ 'ਚ ਘੁਟਾਲਾ ਕਰਨ ਦੇ ਦੋਸ਼ ਲਾਏ ਹਨ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਲੌਕਡਾਊਨ ਦੌਰਾਨ ਸਾਰੇ ਹੀ ਕੰਮ ਕਾਜ ਠੱਪ ਪੈ ਗਏ ਹਨ। ਜਿਸ ਕਾਰਨ ਲੋਕ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਲੌਕਡਾਊਨ ਦੇ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਅਪ੍ਰੈਲ ਤੋਂ ਲੈ ਕੇ ਜੂਨ ਮਹੀਨੇ ਤੱਕ ਤਕਰੀਬਨ 70 ਹਜ਼ਾਰ ਮੈਟ੍ਰਿਕ ਟਨ ਕਣਕ ਹਰ ਮਹੀਨੇ ਭੇਜੀ ਹੈ। ਇਹ ਕਣਕ ਨੀਲੇ ਕਾਰਡ ਧਾਰਕਾਂ ਸਣੇ ਲੋੜਵੰਦ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਭੇਜੀ ਗਈ ਸੀ। ਇਹ ਕਣਕ ਲਾਭਪਾਤਰਿਆਂ ਨੂੰ ਪੰਜ ਕਿਲੋਂ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਵੰਡੀ ਜਾਣੀ ਸੀ, ਪਰ ਕੈਪਟਨ ਸਰਕਾਰ ਨੇ ਇਸ ਨੂੰ ਲਾਭਪਾਤਰਿਆਂ ਤੱਕ ਨਹੀਂ ਪਹੁੰਚਾਇਆ।
ਹਰਸਿਮਰਤ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਲਾਭਪਾਤਰਿਆਂ ਤੱਕ ਕੇਂਦਰ ਵੱਲੋਂ ਭੇਜੀ ਗਈ ਕਣਕ ਤੇ ਰਾਸ਼ਨ ਪਹੁੰਚਾਉਣਾ ਤਾਂ ਦੂਰ, ਸਗੋਂ ਕਈ ਲਾਭਪਾਤਰਿਆਂ ਦੇ ਨੀਲੇ ਕਾਰਡ ਵੀ ਰੱਦ ਕਰ ਦਿੱਤੇ ਗਏ। ਉਨ੍ਹਾਂ ਅਖਿਆ ਕਿ ਕੇਂਦਰ ਸਰਕਾਰ ਵੱਲੋਂ ਜੂਨ ਤੋਂ ਬਾਅਦ ਅਗਲੇ ਪੰਜ ਮਹੀਨੀਆਂ ਲਈ ਵੀ ਕਣਕ ਵੰਡਣਾ ਜਾਰੀ ਰੱਖਿਆ ਗਿਆ ਹੈ, ਪਰ ਕੈਪਟਨ ਸਰਕਾਰ ਵੱਲੋਂ ਲੋਕਾਂ ਨੂੰ ਕਣਕ ਨਹੀਂ ਵੱਡੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਤੁਸੀਂ ਆਪਣਾ ਹੱਕ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰਨੀ ਪਵੇਗੀ।