ਬਠਿੰਡਾ: ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੋਈ ਨਰਮਾ ਪੱਟੀ ਦੇ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਅੱਜ ਬਠਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਰੋਸ ਮੁਜ਼ਾਹਰਾ ਰੈਲੀ ਕੀਤੀ ਗਈ। ਇਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਧਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹੀ।ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਸਟੇਡੀਅਮ ਵਿਚ ਰੱਖੀ ਗਈ ਨਰਮੇ ਦੀ ਫਸਲ ਦੇ ਮੁਆਵਜ਼ੇ ਲਈ ਇਸ ਰੋਸ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਭਾਗ ਲਿਆ।
ਭਾਜਪਾ ਨੇ ਕੀਤਾ ਵਿਸ਼ਵਾਸਘਾਤ : ਪ੍ਰਕਾਸ਼ ਸਿੰਘ ਬਾਦਲ
ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਦੌਰਾਨ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਨੇ ਤਿੰਨ ਖੇਤੀ ਆਰਡੀਨੈਂਸਾਂ ਨੂੰ ਕਾਨੂੰਨਾਂ ਵਿੱਚ ਬਦਲਣ ਤੋਂ ਪਹਿਲਾਂ ਕਿਸਾਨਾਂ ਨੂੰ ਭਰੋਸੇ ਵਿੱਚ ਲੈਣ ਦੇ ਕੀਤੇ ਵਾਅਦਿਆਂ ’ਤੇ ਉਨ੍ਹਾਂ ਨਾਲ, ਉਨ੍ਹਾਂ ਦੀ ਪਾਰਟੀ ਨਾਲ ਅਤੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਵਾਅਦੇ ਅਕਾਲੀ ਦਲ ਦੇ ਜਨਤਕ ਸਟੈਂਡ ਵੇਲੇ ਕੀਤੇ ਗਏ ਸਨ, ਜਦੋਂ ਅਕਾਲੀ ਦਲ ਨੇ ਕਿਹਾ ਸੀ ਕਿ ਉਹ ਸੰਸਦ ਵਿੱਚ ਬਿੱਲਾਂ ਦਾ ਵਿਰੋਧ ਕਰੇਗਾ ਤੇ ਮੰਤਰੀ ਮੰਡਲ ਦੀ ਕੁਰਸੀ ਵੀ ਛੱਡ ਦੇਵੇਗਾ ਤੇ ਗਠਜੋੜ ਵੀ ਤੋੜ ਦੇਵੇਗਾ, ਜੇਕਰ ਸਰਕਾਰ ਨੇ ਕਿਸਾਨਾਂ ਨੂੰ ਭਰੋਸੇ ਵਿੱਚ ਲਏ ਬਗੈਰ ਇਹ ਕਾਨੂੰਨ ਪਾਸ ਕਰਵਾਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਵੇਲੇ ਉਨ੍ਹਾਂ ਨੂੰ ਪਹਿਲਾਂ ਹੀ ਭਰੋਸਾ ਦੁਆਇਆ ਸੀ ਕਿ ਉਹ ਕਿਸਾਨਾਂ ਦੀ ਇੱਛਾ ਅਨੁਸਾਰ ਚੱਲਣਗੇ।
ਬਾਦਲ ਨੇ ਕਿਹਾ ਕਿ ਜਦੋਂ ਸੰਸਦ ਵਿੱਚ ਬਿੱਲ ਲਿਆ ਕੇ ਇਨ੍ਹਾਂ ਨੂੰ ਕਾਲੇ ਕਾਨੂੰਨਾਂ ਵਿੱਚ ਬਦਲਣ ਦਾ ਯਤਨ ਕੀਤਾ ਗਿਆ ਤਾਂ ਮੈਂ ਠੱਗਿਆ ਮਹਿਸੂਸ ਕੀਤਾ ਤੇ ਮੈਨੂੰ ਬਹੁਤ ਤਕਲੀਫ ਹੋਈ। ਉਨ੍ਹਾਂ ਕਿਹਾ ਕਿ ਇਸ ਕਾਰੇ ਨੇ ਮੈਨੂੰ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਪੰਜਾਬੀਆਂ ਨਾਲ ਕੀਤਾ ਵਿਸ਼ਵਾਸਘਾਤ ਚੇਤੇ ਕਰਵਾ ਦਿੱਤਾ। ਨਹਿਰੂ ਨੇ ਮਾਸਟਰ ਤਾਰਾ ਸਿੰਘ ਨਾਲ ਕੀਤੇ ਵਾਅਦਿਆਂ ’ਤੇ ਵਿਸ਼ਵਾਸਘਾਤ ਕੀਤਾ ਸੀ ਤੇ ਇੰਦਰਾ ਗਾਂਧੀ ਨੇ ਵੀ ਕਈ ਵਾਰ ਵਿਸ਼ਵਾਸਘਾਤ ਕੀਤਾ ਤੇ ਰਾਜੀਵ ਗਾਂਧੀ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੀ ਪਵਿੱਤਰ ਆਤਮਾ ਨਾਲ ਅਪਰਾਧਿਕ ਵਿਸ਼ਵਾਸਘਾਤ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਲੱਗਿਆ ਸੀ ਕਿ ਭਾਜਪਾ, ਕਾਂਗਰਸ ਨਾਲ ਵੱਖਰੀ ਹੋਵੇਗੀ ਪਰ ਜਦੋਂ ਮੈਂ ਆਤਮ ਮੰਥਨ ਕੀਤਾ ਤਾਂ ਪਾਇਆ ਕਿ ਇਨ੍ਹਾਂ ’ਤੇ ਵਿਸ਼ਵਾਸ ਕਰਨਾ ਬਹੁਤ ਵੱਡੀ ਭੁੱਲ ਸੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵਿਸ਼ਵਾਸਘਾਤ ਹੋਇਆ ਤਾਂ ਅਕਾਲੀ ਦਲ ਨੇ ਕਿਸਾਨਾਂ ਤੇ ਉਨ੍ਹਾਂ ਦੇ ਪ੍ਰਤੀਨਿਧਾਂ ਨਾਲ ਕੀਤੇ ਵਾਅਦੇ ਮੁਤਾਬਕ ਸਭ ਕੁਝ ਕੀਤਾ। ਅਸੀਂ ਮੰਤਰੀ ਮੰਡਲ ਤੋਂ ਅਸਤੀਫਾ ਵੀ ਦਿੱਤਾ, ਭਾਜਪਾ ਨਾਲ ਗਠਜੋੜ ਵੀ ਤੋੜਿਆ ਤੇ ਮੈਂ ਆਪਣਾ ਪਦਮ ਵਿਭੂਸ਼ਣ ਵੀ ਮੋੜ ਦਿੱਤਾ।
ਅਕਾਲੀ ਆਗੂ ਨੇ ਵੱਖ-ਵੱਖ ਵਿਅਕਤੀਆਂ, ਪਾਰਟੀਆਂ ਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀਆਂ ਦੀ ਸਾਂਝੀ ਤਾਕਤ ਖਾਸ ਤੌਰ ’ਤੇ ਕਿਸਾਨਾ ਵਾਸਤੇ ਤਾਕਤ ਦੀ ਮਜ਼ਬੂਤੀ ਲਈ ਆਪਸੀ ਮਤਭੇਦ ਤੇ ਹਊਮੇ ਦੀ ਲੜਾਈ ਦਾ ਤਿਆਗ ਕਰਨ। ਉਨ੍ਹਾਂ ਕਿਹਾ ਕਿ ਸਾਨੂੰ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ਦੀ ਬਿਰਤੀ ਛੱਡਣੀ ਪਵੇਗੀ ਤੇ ਇਸਦੀ ਥਾਂ ਆਪਣੀ ਸਾਰੀ ਤਾਕਤ ਤੇ ਸਰੋਤ ਇਕਜੁੱਟ ਹੋ ਕੇ ਕੇਂਦਰ ਨਾਲ ਲੜਾਈ ਵਿਚ ਲਾਉਣੇ ਪੈਣਗੇ।
ਉਨ੍ਹਾਂ ਕਿਹਾ ਕਿ ਜਿਥੇ ਤੱਕ ਅਕਾਲੀ ਦਲ ਦਾ ਸਵਾਲ ਹੈ, ਅਸੀਂ ਕਿਸਾਨ ਅੰਦੋਲਨ ਦੀ ਪੂਰਜ਼ੋਰ ਹਮਾਇਤ ਕੀਤੀ ਤੇ ਕਿਸਾਨ ਯੂਨੀਅਨਾਂ ਨਾਲ ਡੱਟ ਕੇ ਖੜ੍ਹੇ ਹਾਂ ਭਾਵੇਂ ਕਿ ਕੁਝ ਲੋਕਾਂ ਨੇ ਸਾਡੇ ਖਿਲਾਫ ਬੇਲੋੜੀਂਦੀਆਂ ਤੇ ਟਾਲੀਆਂ ਜਾ ਸਕਣ ਵਾਲੀਆਂ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਅਸੀਂ ਇਸ ਪਵਿੱਤਰ ਲੜਾਈ ਵਿਚ ਲਿਆਂ ਹਾਸਲ ਕਰਨ ਵਾਸਤੇ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ।