ਬਠਿੰਡਾ: ਸ਼ਹਿਰ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਕੇਂਦਰੀ ਆਰਡੀਨੈਂਸਾਂ ਦੇ ਮੁੱਦੇ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਮੀਡੀਆ ਨੂੰ ਸੰਬੋਧਨ ਹੋਏ। ਮੀਡੀਆ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਕਿਸਾਨੀ ਖੇਤੀ ਨਾਲ ਸਬੰਧਤ ਕੇਂਦਰੀ ਆਰਡੀਨੈਂਸਾਂ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਬ ਬਾਦਲ 'ਤੇ ਜੰਮ ਕੇ ਨਿਸ਼ਾਨੇ ਸਾਧੇ।
ਭਗਵੰਤ ਮਾਨ ਨੇ ਕੇਂਦਰੀ ਆਰਡੀਨੈਂਸਾਂ ਦੇ ਮੁੱਦੇ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਜਾ ਰਹੇ ਦਾਵਿਆਂ ਬਾਰੇ ਕਿਹਾ ਕਿ ਅਕਾਲੀ ਦਲ ਨੇ ਆਪਣਾ ਕਿਸਾਨ ਵਿਰੋਧੀ ਚਹਿਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਵਿਅੰਗਆਤਮਕ ਲਹਿਜ਼ੇ ਵਿੱਚ ਕਿਹਾ ਕਿ " ਜਿਵੇਂ ਅਕਾਲੀ ਦਲ ਰੰਗ ਬਦਲ ਰਿਹਾ, ਉਸ ਤੋਂ ਦੁਨੀਆ ਭਰ ਦੇ ਗਿਰਗਿਟ ਵੀ ਸ਼ਰਮਾ ਜਾਣ"।
ਅਕਾਲੀ ਦਲ ਦੇ ਰੰਗ ਬਦਲਣ ਤੋਂ ਤਾਂ ਗਿਰਗਿਟ ਵੀ ਸ਼ਰਮਾ ਜਾਵੇ: ਭਗਵੰਤ ਮਾਨ ਉਨ੍ਹਾਂ ਕਿਹਾ ਸਰਬ ਪਾਰਟੀ ਮੀਟਿੰਗ ਵਿੱਚ ਜਿਸ ਤਰ੍ਹਾਂ ਅਕਾਲੀ ਦਲ ਨੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੇਂਦਰੀ ਵਜ਼ੀਰ ਵਾਲੀ ਕੁਰਸੀ ਬਚਾਉਣ ਲਈ ਰੁਖ ਅਖਤਿਆਰ ਕੀਤਾ ਹੈ, ਉਸ ਨੇ ਸਿੱਧ ਕਰਤਾ ਕਿ ਅਕਾਲੀ ਦਲ ਨੂੰ ਕੁਰਸੀ ਪਿਆਰੀ ਹੈ ਨਾ ਕਿ ਕਿਸਾਨ ਹਿੱਤ।
ਭਗਵੰਤ ਮਾਨ ਨੇ ਕਿਹਾ ਕਿ ਸੰਸਦ ਦੇ ਅਗਾਮੀ ਇਜਲਾਸ ਦੌਰਾਨ ਉਹ ਇਨ੍ਹਾਂ ਆਰਡੀਨੈਂਸਾਂ ਵਿਰੁੱਧ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਉਣਗੇ। ਜੇਕਰ ਅਕਾਲੀ ਦਲ 'ਚ ਹਿਮੰਤ ਹੈ ਤਾਂ ਇਸ ਬਿੱਲ ਦੀ ਹਮਾਇਤ ਕਰੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਕਾਲੀ ਦਲ ਦਾ ਅਸਲੀ ਚਹਿਰਾ ਵਿਖਾਉਣ ਲਈ ਹਰ ਹਲਕੇ ਵਿੱਚ ਸੁਖਬੀਰ ਬਾਦਲ ਦੇ ਪੁੱਤਲੇ ਫੂਕੇ ਜਾਣਗੇ।
ਪੰਜਾਬ ਸਰਕਾਰ ਵੱਲੋਂ ਆਈਏਐੱਸ ਅਫ਼ਸਰ ਤੇ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਵਿੰਨੀ ਮਹਾਜਨ ਨੂੰ ਮੁੱਖ ਸਕੱਤਰ ਨਿਯਕੁਤ ਕੀਤੇ ਜਾਣ ਬਾਰੇ ਮਾਨ ਨੇ ਕਿਹਾ ਕਿ ਪਹਿਲਾ ਉਹ ਸਾਰੇ ਪੱਖ ਵੇਖਣਗੇ ਫਿਰ ਹੀ ਕੋਈ ਟਿੱਪਣੀ ਕਰਨਗੇ।