ਬਠਿੰਡਾ: ਮਾਲਵਾ ਖੇਤਰ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਕਾਰਨ ਝੂਜ ਰਹੇ ਹਨ। ਇਸ ਦਾ ਮੁੱਖ ਕਾਰਨ ਸਾਫ਼ ਪਾਣੀ ਮੁਹੱਈਆ ਨਾ ਹੋਣ ਹੈ। ਬਠਿੰਡਾ ਦੇ ਬਲਰਾਜ ਨਗਰ ਵਿੱਚ ਨਗਰ ਨਿਗਮ ਦੀ ਅਣਗਹਿਲੀ ਕਾਰਨ ਗੰਦਾ ਪਾਣੀ ਘਰਾਂ ਵਿੱਚ ਆ ਰਿਹਾ ਹੈ।
ਮੁਹੱਲਾ ਵਾਸੀਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਘਰਾਂ ਵਿੱਚ ਸਪਲਾਈ ਦਾ ਗੰਦਾ ਪਾਣੀ ਕਾਫ਼ੀ ਸਮੇਂ ਤੋਂ ਆ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ। ਗੰਦੇ ਪਾਣੀ ਤੋਂ ਛੁਟਕਾਰਾ ਪਾਉਣ ਲਈ ਲੋਕ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰਨ ਨੂੰ ਮਜਬੂਰ ਹਨ। ਲੋਕਾਂ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੱਸਿਆ ਦਾ ਜਲਦੀ ਹਲ ਕਰਨ।
ਗੰਦਾ ਪਾਣੀ ਸੀਵਰੇਜ ਦੇ ਪਾਣੀ ਨਾਲ ਮਿਲ ਕੇ ਟੂਟੀਆਂ ਰਾਹੀਂ ਘਰਾਂ ਵਿੱਚ ਪਹੁੰਚ ਰਿਹਾ ਹੈ, ਜਿਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਮਿਊਂਸੀਪਲ ਕਾਰਪੋਰੇਸ਼ਨ ਨੂੰ ਵੀ ਦਿੱਤੀ ਜਾ ਚੁੱਕੀ ਹੈ। ਹੈਰਾਨੀਜਨਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਉਸ ਇਲਾਕੇ ਦੇ ਮਿਊਂਸੀਪਲ ਕੌਂਸਲਰ ਵੀ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਹਨ।
ਮੇਅਰ ਬਲਵੰਤ ਰਾਏ ਨਾਥ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਬਿਲਕੁਲ ਅਣਜਾਣ ਬਣਦੇ ਹੋਏ ਨਜ਼ਰ ਆਏ। ਜਦੋਂ ਕਿ ਮੁਹੱਲਾ ਵਾਸੀਆਂ ਵੱਲੋਂ ਨਗਰ ਨਿਗਮ ਵਿੱਚ ਇਸ ਸਬੰਧ ਵਿੱਚ ਮੇਅਰ ਨੂੰ ਜਾਣਕਾਰੀ ਦਿੱਤੀ ਗਈ ਹੈ। ਹੁਣ ਮੇਅਰ ਸਾਹਿਬ ਨੇ ਦੱਸਿਆ ਕਿ ਇਸ ਦੀ ਜਾਂਚ ਕਰਵਾਉਣਗੇ ਅਤੇ ਜੇਕਰ ਕਿਸੇ ਪਾਸੇ ਪਾਣੀ ਸਪਲਾਈ ਦੀ ਪਾਈਪ ਲੀਕ ਹੋਈ ਹੋਵੇਗੀ ਤਾਂ ਉਸ ਦੀ ਜਲਦ ਮੁਰੰਮਤ ਕਰਵਾਈ ਜਾਵੇਗੀ।
ਇਸ ਸਬੰਧ ਵਿੱਚ ਸਰਕਾਰੀ ਸਿਵਲ ਹਸਪਤਾਲ ਦੇ ਡਾ. ਸਤੀਸ਼ ਗੋਇਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਕੋਲ ਕਈ ਮਰੀਜ਼ ਗੰਦੇ ਪਾਣੀ ਪੀਣ ਦੇ ਨਾਲ ਬਿਮਾਰ ਹੋ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕੋਈ ਸਾਰ ਲੈਂਦਾ ਹੈ ਜਾਂ ਲੋਕ ਇਦਾਂ ਹੀ ਬਿਮਾਰ ਹੁੰਦੇ ਰਹਿਣਗੇ?