ਬਠਿੰਡਾ: ਸ਼ਹਿਰ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਜਿਸ ਤੋਂ ਸ਼ਹਿਰ ਵਾਸੀ ਸਹਿਮੇ ਹੋਏ ਹਨ ਅਤੇ ਹੁਣ ਸ਼ਹਿਰ ਵਾਸੀਆਂ ਨੇ ਆਪਣੇ ਪੱਧਰ 'ਤੇ ਆਪਣੇ ਮੁਹੱਲੇ ਜਾਂ ਫਿਰ ਗਲੀਆਂ ਦੀ ਸੁਰੱਖਿਆ ਸ਼ੁਰੂ ਕਰ ਦਿੱਤੀ ਹੈ।
ਬਠਿੰਡਾ: ਮੁਹੱਲਾ ਵਾਸੀਆਂ ਨੇ ਆਪਣੇ ਮੁਹੱਲਿਆਂ ਨੂੰ ਕੀਤਾ ਸੀਲ ਮੁਹੱਲੇ ਦੇ ਸਾਰੇ ਐਂਟਰੀ ਪੁਆਇੰਟਸ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਕੋਈ ਵੀ ਬਾਹਰ ਵਾਲਾ ਵਿਅਕਤੀ ਉਨ੍ਹਾਂ ਦੇ ਮੁਹੱਲੇ ਵਿੱਚ ਨਾ ਆ ਸਕੇ। ਬਠਿੰਡਾ ਦੇ ਗੁਰੂ ਕੀ ਨਗਰੀ ਵਾਸੀ ਪੁਸ਼ਪਿੰਦਰ ਦਾ ਕਹਿਣਾ ਹੈ ਕਿ ਗੁਰੂ ਕੀ ਨਗਰੀ ਦੇ ਵਿੱਚ ਕੁੱਲ ਚਾਰ ਗੇਟ ਹਨ ਜੋ ਕਿ ਦਿਨ ਵੇਲੇ ਦੋ ਬੰਦ ਰਹਿੰਦੇ ਹਨ ਅਤੇ ਦੋ ਗੇਟ ਤੇ ਉਨ੍ਹਾਂ ਦੇ ਮੁਹੱਲੇ ਦੇ ਨੌਜਵਾਨ ਆਪਣੀ ਡਿਊਟੀ ਦਿੰਦੇ ਹਨ। ਰਾਤ ਵੇਲੇ ਸਿਰਫ਼ ਇੱਕ ਹੀ ਗੇਟ ਖੁੱਲ੍ਹਾ ਰਹਿੰਦਾ ਹੈ।
ਪੁਸ਼ਪਿੰਦਰ ਨੇ ਦੱਸਿਆ ਕਿ ਜਦੋਂ ਦਾ ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ ਵਧੇ ਹਨ, ਉਸ ਦਿਨ ਤੋਂ ਹੀ ਉਨ੍ਹਾਂ ਨੇ ਆਪਣੇ ਮੁਹੱਲੇ ਵਿੱਚ ਸਖ਼ਤੀ ਕਰ ਦਿੱਤੀ ਹੈ ਅਤੇ ਦੋ-ਦੋ ਘੰਟੇ ਹਰ ਨੌਜਵਾਨ ਆਪਣੀ ਡਿਊਟੀ ਦੇ ਰਿਹਾ ਹੈ।
ਮੁਹੱਲੇ ਦਾ ਇੱਕ ਬਜ਼ੁਰਗ ਵੀ ਇਸ ਦੌਰਾਨ ਉਨ੍ਹਾਂ ਦੇ ਨਾਲ ਮੌਜੂਦ ਰਹਿੰਦਾ ਹੈ ਗਲੀ ਵਿੱਚ ਆਉਣ ਵਾਲੇ ਹਰ ਵਿਅਕਤੀ ਨੂੰ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਉਸ ਨੇ ਕਿੱਥੇ ਜਾਣਾ ਹੈ ਉਸ ਦੇ ਹੱਥ ਸੈਨੇਟਾਈਜ਼ ਕਰਾਏ ਜਾਂਦੇ ਹਨ ਅਤੇ ਉਸ ਦਾ ਐਡਰੈਸ ਵੀ ਬਕਾਇਦਾ ਰਜਿਸਟਰ ਵਿੱਚ ਨੋਟ ਕੀਤਾ ਜਾਂਦਾ ਹੈ।
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਾਰਾ ਉਪਰਾਲਾ ਮੁਹੱਲਾ ਵਾਸੀਆਂ ਨੇ ਮਿਲ ਕੇ ਕੀਤਾ ਹੈ ਕਿਸੇ ਵੀ ਬਾਹਰ ਤੋਂ ਆਏ ਵਿਅਕਤੀ ਦੀ ਸੂਚਨਾ ਉਹ ਤੁਰੰਤ ਨੇੜੇ ਦੇ ਪੁਲਿਸ ਥਾਣੇ ਨੂੰ ਦੇ ਦਿੰਦੇ ਹਨ । ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਵਾਇਰਸ ਨੂੰ ਲੈ ਕੇ ਕਾਫੀ ਮਿਹਨਤ ਕਰ ਰਿਹਾ ਹੈ ਅਤੇ ਉਹ ਪ੍ਰਸ਼ਾਸਨ ਦਾ ਹਿੱਸਾ ਬਣ ਕੇ ਆਪਣਾ ਫ਼ਰਜ਼ ਨਿਭਾ ਰਹੇ ਹਨ। ਸ਼ਹਿਰ ਵਿੱਚ ਕਈ ਜਗ੍ਹਾ ਤੇ ਮੇਨ ਰੋਡ ਬੰਦ ਨਜ਼ਰ ਆਈਆਂ ਕਈ ਐਸੇ ਜਗ੍ਹਾ ਹੈ ਜਿੱਥੇ ਆਣ ਜਾਣ ਤੇ ਮਨਾਹੀ ਹੈ ਸਾਰੇ ਹੀ ਲੋਕ ਆਪਣੇ ਘਰ ਵਿੱਚ ਰਹਿ ਕੇ ਸਰਕਾਰ ਦੇ ਦਿੱਤੇ ਪਾਲਣਾ ਤੇ ਅਮਲ ਕਰ ਰਹੇ ਹਨ।