ਬਠਿੰਡਾ: ਸ਼ਹਿਰ ਦੇ ਸਰਕਾਰੀ ਹਸਪਤਾਲ ਹਮੇਸ਼ਾ ਤੋਂ ਹੀ ਵਿਵਾਦਾਂ ਵਿੱਚ ਰਹਿੰਦਾ ਹੈ। ਅੱਜ ਇਸੇ ਹਸਪਤਾਲ ਵਿੱਚ ਬਣੇ ਬਲੱਡ ਬੈਂਕ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਨੇ ਐੱਚਆਈਵੀ ਪੌਜ਼ੀਟਿਵ ਮਰੀਜ਼ ਦਾ ਖੂਨ ਥੈਲੀਸੀਮੀਆ ਦੀ ਮਰੀਜ਼ 8 ਵਰ੍ਹਿਆਂ ਦੀ ਮਾਸੂਮ ਬੱਚੀ ਨੂੰ ਚੜ੍ਹਾਅ ਦਿੱਤਾ।
ਬਠਿੰਡਾ ਦੇ ਸਰਕਾਰੀ ਹਸਪਤਾਲ ਦਾ ਕਾਰਨਾਮਾ, HIV ਪੌਜ਼ੀਟਿਵ ਡੋਨਰ ਦਾ ਖੂਨ ਥੈਲੀਸੀਮੀਆ ਪੀੜਤ ਬੱਚੀ ਨੂੰ ਚਾੜ੍ਹਿਆ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਹਸਪਤਾਲ ਵਿੱਚ ਇੱਕ ਸ਼ਿਕਾਇਤ ਆਈ ਸੀ। ਸ਼ਿਕਾਇਤ ਅਨੁਸਾਰ ਬਠਿੰਡਾ ਦੇ ਸਰਕਾਰੀ ਬਲੱਡ ਬੈਂਕ ਵਿੱਚ ਇੱਕ ਆਦਮੀ ਆਪਣਾ ਖੂਨ ਦਾਨ ਕਰਨ ਆਇਆ ਸੀ ਅਤੇ ਉਸ ਦਾ ਦਾਨ ਕੀਤਾ ਹੋਇਆ ਖ਼ੂਨ ਇੱਕ ਸੱਤ/ਅੱਠ ਸਾਲ ਦੇ ਮਾਸੂਮ ਬੱਚੀ ਨੂੰ ਚੜ੍ਹਾ ਦਿੱਤਾ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਖੂਨਦਾਨ ਕਰਨ ਵਾਲਾ ਵਿਅਕਤੀ ਤਾਂ ਐੱਚਆਈਵੀ ਪੌਜ਼ੀਟਿਵ ਹੈ।
ਇਸ ਤੋਂ ਬਾਅਦ ਪੂਰੇ ਬਲੱਡ ਬੈਂਕ ਦੇ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਫਿਲਹਾਲ ਸਿਵਲ ਸਰਜਨ ਨੇ ਤਿੰਨ ਡਾਕਟਰਾਂ ਦੀ ਟੀਮ ਦਾ ਗਠਨ ਕਰ ਦਿੱਤਾ ਹੈ। ਜਲਦ ਹੀ ਜਾਂਚ ਟੀਮ ਇਸ ਪੂਰੇ ਮਾਮਲੇ ਦੀ ਰਿਪੋਰਟ ਸਿਵਲ ਸਰਜਨ ਨੂੰ ਦੇਣਗੇ ਪਰ ਦੂਜੇ ਪਾਸੇ ਬਲੱਡ ਬੈਂਕ ਉੱਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਅਸੀਂ ਆਪਣੀ ਸੁਸਾਇਟੀ ਵੱਲੋਂ ਮੁਲਜ਼ਮ ਲੋਕਾਂ ਦੇ ਖ਼ਿਲਾਫ਼ ਅਪਰਾਧਿਕ ਪਰਚਾ ਦਰਜ ਕਰਾਵਾਂਗੇ, ਨਹੀਂ ਤਾਂ ਅਸੀਂ ਸੰਘਰਸ਼ ਦੇ ਰਾਹ ਉਤੇ ਚੱਲਾਂਗੇ। ਮਾਮਲਾ ਦਰਜ ਕਰਵਾ ਕੇ ਹੀ ਦਮ ਲਵਾਂਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਬਲੱਡ ਬੈਂਕ ਦੇ ਕਾਰਨਾਮੇ ਸੁਰਖੀਆਂ ਵਿੱਚ ਰਹੇ ਹਨ।
ਈਟੀਵੀ ਭਾਰਤ ਦੀ ਟੀਮ ਨੇ ਹਸਪਤਾਲ ਦੇ ਸਿਵਲ ਸਰਜਨ ਸਮੇਤ ਵੱਡੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਸੇ ਨਾ ਕਿਸੇ ਬਹਾਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।