ਬਠਿੰਡਾ: 21 ਜੂਨ ਨੂੰ ਵਿਸ਼ਵ ਇੱਕ ਵੱਡੀ ਖਗੋਲੀ ਘਟਨਾ ਦਾ ਗਵਾਹ ਬਣੇਗਾ। ਇਸ ਦਿਨ ਸਵੇਰੇ 9:15 ਮਿੰਟ 'ਤੇ ਭਾਰਤ ਵਿੱਚ ਸੂਰਜ ਗ੍ਰਹਿਣ ਵੇਖਣ ਨੂੰ ਮਿਲੇਗਾ। ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦੁਪਿਹਰ 3 ਵਜੇ ਤੱਕ ਰਹੇਗਾ। ਇਹ ਸੂਰਜ ਗ੍ਰਹਿਣ ਸਾਲ 2020 ਦੇ ਸਭ ਤੋਂ ਲੰਮੇ ਦਿਨ ਯਾਨੀ ਕਿ 21 ਜੂਨ ਨੂੰ ਵੇਖਿਆ ਜਾਵੇਗਾ, ਇਸੇ ਲਈ ਇਸ ਸੂਰਜ ਗ੍ਰਹਿਣ ਨੂੰ "ਸਮਰ ਸੌਲਸਟੀਸ ਜੂਨ 21" ਵੀ ਆਖਿਆ ਜਾ ਰਿਹਾ ਹੈ।
ਸੂਰਜ ਗ੍ਰਹਿਣ ਬਾਰੇ ਬਠਿੰਡਾ ਤੋਂ ਪੰਡਿਤ ਕਮਲ ਕਾਂਤ ਨੇ ਦੱਸਿਆ ਕਿ ਜੋਤਿਸ਼ ਵਿਦਿਆ ਮੁਤਾਬਕ ਇਹ ਸੂਰਜ ਗ੍ਰਹਿਣ ਕਣਕਣ ਸੂਰਜ ਗ੍ਰਹਿਣ ਹੈ। ਉਨ੍ਹਾਂ ਦੱਸਿਆ ਕਿ ਇਸ ਗ੍ਰਹਿਣ ਨੂੰ ਭਾਰਤ, ਏਸ਼ੀਆ ਦੇ ਮੁਲਕਾਂ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਵੀ ਵੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਗ੍ਰਹਿਣ ਲੰਮੇ ਸਮੇਂ ਤੋਂ ਬਾਅਦ ਵੇਖਣ ਨੂੰ ਮਿਲੇਗਾ। ਪੰਡਿਤ ਕਮਲ ਕਾਂਤ ਨੇ ਦੱਸਿਆ ਕਿ ਇਸ ਮੌਕੇ ਸੂਰਜ ਦਾ 99.7 ਪ੍ਰਤੀਸ਼ਤ ਹਿੱਸਾ ਪੂਰੀ ਤਰ੍ਹਾਂ ਨਾਲ ਢੱਕਿਆ ਜਾਵੇਗਾ।