ਬਠਿੰਡਾ : ਆਏ ਦਿਨ ਹੋ ਰਹੇ ਹਾਦਸਿਆਂ ਤੋਂ ਬਾਵਜੂਦ ਸ਼ਹਿਰ ਦੇ ਨਗਰ ਨਿਗਮ ਅਧਿਕਾਰੀਆਂ ਦੀ ਅਣਗਹਿਲੀ ਸਾਹਮਣੇ ਆ ਰਹੀ ਹੈ। ਕੁਝ ਦਿਨ ਪਹਿਲਾਂ ਪਾਣੀ ਦੀ ਨਿਕਾਸੀ ਲਈ ਖੋਲ੍ਹੇ ਗਏ ਸੀਵਰੇਜਾਂ ਨੂੰ ਬੰਦ ਨਹੀਂ ਕੀਤਾ ਗਿਆ ਹੈ।
VIDEO: ਫਤਹਿਵੀਰ ਨੂੰ ਕਦੋਂ ਮਿਲੇਗਾ ਇਨਸਾਫ਼?...ਕਦੋਂ ਜਾਗੇਗਾ 'ਅੰਨ੍ਹਾ' ਪ੍ਰਸ਼ਾਸਨ? - punjab news online
ਫ਼ਤਿਹਵੀਰ ਦੇ ਮੌਤ ਮਾਮਲੇ ਤੋਂ ਬਾਅਦ ਅਜੇ ਵੀ ਜ਼ਿਲ੍ਹਾ ਪ੍ਰਸ਼ਾਸਨ ਸੁਚੇਤ ਨਹੀਂ ਹੋਇਆ। ਕਈ ਸ਼ਹਿਰਾਂ 'ਚ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਮਾਮਲਾ ਬਠਿੰਡਾ 'ਚ ਸਾਹਮਣੇ ਆਇਆ ਹੈ। ਇਥੇ ਸੜਕਾਂ ਉੱਤੇ ਖੁੱਲ੍ਹੇ ਪਏ ਸੀਵਰੇਜ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।
ਸ਼ਹਿਰ ਦੀਆਂ ਸੜਕਾਂ ਉੱਤੇ ਥਾਂ-ਥਾਂ ਸੀਵਰੇਜ ਖੁੱਲ੍ਹੇ ਪਏ ਹਨ। ਇਨ੍ਹਾਂ ਸੀਵਰੇਜਾਂ ਉਪਰੋਂ ਢੱਕਣ ਨਹੀਂ ਲਗਾਏ ਗਏ ਹਨ। ਆਏ ਦਿਨ ਰਾਤ ਵੇਲੇ ਇਨ੍ਹਾਂ ਸੀਵਰੇਜ ਦੇ ਕਾਰਨ ਕਈ ਸੜਕ ਹਾਦਸੇ ਵਾਪਰਦੇ ਹਨ। ਜਿਸ ਕਾਰਨ ਲੋਕਾਂ ਨੂੰ ਬੇਹਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਈਟੀਵੀ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਮੀਂਹ ਦੇ ਪਾਣੀ ਲਈ ਖੋਲ੍ਹੇ ਗਏ ਇਹ ਸੀਵਰੇਜ ਅਜੇ ਤੱਕ ਬੰਦ ਨਹੀਂ ਕੀਤੇ ਗਏ। ਮੀਂਹ ਦੇ ਮੌਸਮ ਵਿੱਚ ਸੜਕ ਦੇ ਪਾਣੀ ਭਰਨ ਕਾਰਨ ਖੁੱਲ੍ਹੇ ਸੀਵਰੇਜਾਂ ਦਾ ਪਤਾ ਨਹੀਂ ਲਗਦਾ, ਅਜਿਹੇ ਵਿੱਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ।
ਜਦੋਂ ਇਸ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਸ਼ਹਿਰ ਦੇ ਮੇਅਰ ਬਲਵੰਤ ਰਾਏ ਨਾਥ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਅਤੇ ਨਗਰ ਨਿਗਮ ਵੱਲੋਂ ਸੀਵਰੇਜ ਅਤੇ ਬੋਰਵੈਲਾਂ ਨੂੰ ਢੱਕ ਕੇ ਰੱਖਣ ਦੀ ਸਖ਼ਤ ਹਿਦਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸ਼ਹਿਰ ਵਿੱਚ ਕਿਤੇ ਵੀ ਸੀਵਰੇਜ ਜਾਂ ਬੋਰਵੈਲ ਖੁੱਲ੍ਹੇ ਹਨ ਤਾਂ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ।