ਬਠਿੰਡਾ: ਪੰਜਾਬ ਸਰਕਾਰ ਨੇ ਬੰਦ ਪਏ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ ਨੂੰ ਪੁਨਰ ਵਿਕਾਸ ਲਈ ਵੇਚਣ ਦਾ ਫੈਸਲਾ ਲਿਆ ਹੈ। ਸਰਕਾਰ ਦੇ ਇਸ ਫੈਸਲੇ ਨੇ ਸੂਬੇ ਦੀ ਸਿਆਸਤ ਨੂੰ ਗਰਮ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਬਠਿੰਡਾ ਸਥਿਤ ਕੋਠੀ ਦਾ ਘਿਰਾਓ ਕੀਤਾ।
ਬਠਿੰਡਾ ਦਿਹਾਤੀ ਤੋਂ 'ਆਪ' ਵਿਧਾਇਕਾ ਰੁਪਿੰਦਰ ਕੌਰ ਰੂਬੀ, ਤਲਵੰਡੀ ਸਾਬੋ ਤੋਂ 'ਆਪ' ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਬਰਨਾਲਾ ਤੋਂ ਪਾਰਟੀ ਦੇ ਵਿਧਾਇਕ ਮੀਤ ਹੇਅਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਪ੍ਰਦਰਸ਼ਨਕਾਰੀ ਜਿਉਂ ਹੀ ਵਿੱਤ ਮੰਤਰੀ ਦੀ ਕੋਠੀ ਵੱਲ ਵਧੇ ਤਾਂ ਪੁਲਿਸ ਨੇ ਇਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਦੌਰਾਨ ਪੁਲਿਸ ਵੱਲੋਂ ਰੋਕੇ ਜਾਣ 'ਤੇ 'ਆਪ' ਵਰਕਰਾਂ ਤੇ ਪੁਲਿਸ ਦਰਮਿਆਨ ਖਿੱਚ-ਧੂਹ ਵੀ ਹੋਈ।
ਇਸ ਮੌਕੇ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਬਠਿੰਡਾ ਤੋਂ ਵਿਧਾਇਕ ਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਵਾਸੀਆਂ ਨਾਲ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਬਠਿੰਡਾ ਦੇ ਥਰਮਲ ਪਲਾਂਟ, ਜੋ ਕਿ ਇਤਿਹਾਸਕ ਹੈ, ਨੂੰ ਕਦੇ ਵੀ ਢਹਿਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਹੁਣ ਵਿੱਤ ਮੰਤਰੀ ਥਰਮਲ ਦੀ ਜ਼ਮੀਨ ਨੂੰ ਵੇਚ ਕੇ ਬਠਿੰਡੇ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ।