ਬਠਿੰਡਾ: ਸ਼ਹਿਰ ਦੇ ਹਾਜੀ ਰਤਨ ਇਲਾਕੇ 'ਚ ਰਹਿਣ ਵਾਲਾ ਇੱਕ ਨੌਜਵਾਨ ਪਿਛਲੇ 20 ਸਾਲਾ ਤੋਂ ਸ਼ਹੀਦ ਭਗਤ ਸਿੰਘ ਵਾਂਗ ਦਸਤਾਰ ਸਜਾਉਂਦਾ ਹੈ। ਇਸ ਨੌਜਵਾਨ ਦਾ ਨਿਰੰਜਨ ਸਿੰਘ ਹੈ। ਨਿਰੰਜਨ ਪਿਛਲੇ 20 ਸਾਲਾਂ ਤੋਂ ਭਗਤ ਸਿੰਘ ਵਾਂਗ ਦਸਤਾਰ ਸਜਾਉਂਦਾ ਹੈ। ਹਲਾਂਕਿ ਕੁੱਝ ਲੋਕਾਂ ਨੇ ਉਸ ਦਾ ਵਿਰੋਧ ਵੀ ਕੀਤਾ, ਪਰ ਉਸ ਨੇ ਭਗਤ ਸਿੰਘ ਵਾਂਗ ਦਸਤਾਰ ਸਜਾਉਣੀ ਨਹੀਂ ਛੱਡੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਨਿਰੰਜਨ ਸਿੰਘ ਨੇ ਦੱਸਿਆ ਕਿ ਉਹ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਤੋਂ ਬੇਹਦ ਪ੍ਰਭਾਵਤ ਹੋਇਆ। ਭਗਤ ਸਿੰਘ ਦੀ ਦੇਸ਼ ਤੇ ਸਮਾਜ ਪ੍ਰਤੀ ਚੰਗੀ ਸੋਚ ਤੇ ਦਲੇਰੀ ਨੇ ਉਸ ਨੂੰ ਬੇਹਦ ਪ੍ਰਭਾਵਤ ਕੀਤਾ। ਨਿਰੰਜਨ ਨੇ ਦੱਸਿਆ ਕਿ ਛੋਟੇ ਹੁੰਦੇ ਉਹ ਸਿਰ ਉੱਤੇ ਟੋਪੀ ਪਾਉਂਦਾ ਸੀ, ਫਿਰ ਇੱਕ ਦਿਨ ਉਸ ਦੇ ਇੱਕ ਦੋਸਤ ਨੂੰ ਉਸ ਨੂੰ ਭਗਤ ਸਿੰਘ ਵਾਂਗ ਦਸਤਾਰ ਬੰਨ ਦਿੱਤੀ। ਭਗਤ ਸਿੰਘ ਵਾਂਗ ਬੰਨੀ ਗਈ ਇਹ ਦਸਤਾਰ ਉਸ ਨੂੰ ਬੇਹਦ ਪਸੰਦ ਆ ਗਈ, ਉਸ ਸਮੇਂ ਤੋਂ ਹੁਣ ਤੱਕ ਉਹ ਰੋਜ਼ਾਨਾ ਇੰਝ ਹੀ ਦਸਤਾਰ ਸਜਾਉਂਦਾ ਹੈ।
ਭਗਤ ਸਿੰਘ ਵਾਂਗ ਦਸਤਾਰ ਸਜਾ ਰਿਹਾ ਨੌਜਵਾਨ ਨਿਰੰਜਨ ਸਿੰਘ ਨੇ ਦੱਸਿਆ ਕਿ ਭਗਤ ਸਿੰਘ ਦੇ ਸਟਾਈਲ ਵਿੱਚ ਪੱਗ ਬੰਨਣ ਕਾਰਨ ਉਸ ਨੂੰ ਕਈ ਵਾਰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਲੋਕ ਉਸ ਦਾ ਵਿਰੋਧ ਵੀ ਕਰਦੇ ਸਨ। ਨਿਰੰਜਨ ਨੇ ਦੱਸਿਆ ਕਿ ਉਹ ਬਠਿੰਡਾ ਵਿੱਚ ਹੀ ਇੱਕ ਪ੍ਰਾਈਵੇਟ ਕੰਪਨੀ 'ਚ ਬਤੌਰ ਮੈਨੇਜਰ ਨੌਕਰੀ ਕਰਦਾ ਸੀ।ਕੰਪਨੀ ਦੇ ਅਧਿਕਾਰੀਆਂ ਨੇ ਉਸ ਨੂੰ ਅਜਿਹੀ ਪੱਗ ਨਾ ਬੰਨ੍ਹ ਕੇ ਸਧਾਰਨ ਪੱਗ ਬੰਨ੍ਹਣ ਲਈ ਕਿਹਾ। ਕਿਉਂਕਿ ਕੰਪਨੀ ਅਧਿਕਾਰੀਆ ਦਾ ਮੰਨਣਾ ਸੀ ਕਿ ਇਹ ਪੱਗ ਭੰਗੜੇ ਪਾਉਣ ਵਾਲੇ ਲੋਕ ਬੰਨ੍ਹਦੇ ਹਨ ਪਰ ਨਿਰੰਜਣ ਸਿੰਘ ਨੇ ਅਜਿਹਾ ਕਰਨ ਲਈ ਮੰਨਾ ਕਰ ਦਿੱਤਾ ਤੇ ਨੌਕਰੀ ਛੱਡ ਦਿੱਤੀ। ਉਸ ਨੇ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਸ ਨੂੰ ਹਮੇਸ਼ਾਂ ਇੰਝ ਹੀ ਦਸਤਾਰ ਸਜਾਉਣ ਲਈ ਪ੍ਰੇਰਤ ਕੀਤਾ ਹੈ।ਇਸ ਤੋਂ ਬਾਅਦ ਮੁਕਤਸਰ ਸਾਹਿਬ ਵਿਖੇ ਨਵੀਂ ਕੰਪਨੀ ਜੁਆਇਨ ਕੀਤੀ ਤਾਂ ਉਥੋਂ ਦੇ ਕੰਪਨੀ ਅਧਿਕਾਰੀਆਂ ਦੀ ਵੀ ਅਜਿਹੀ ਸ਼ਰਤ ਸੀ, ਜਿਸ ਕਾਰਨ ਉਹ ਉਥੇ ਵੀ ਨੌਕਰੀ ਨਹੀਂ ਕਰ ਸਕਿਆ। ਹੁਣ ਉਹ ਸਮਾਜ ਸੇਵੀ ਵਜੋਂ ਕੰਮ ਕਰਦਾ ਹੈ।
ਨਿਰੰਜਣ ਸਿੰਘ ਹੁਣ ਤੱਕ 40 ਤੋਂ ਜ਼ਿਆਦਾ ਵਾਰ ਐਮਰਜੈਂਸੀ ਸਮੇਂ 'ਚ ਖ਼ੂਨਦਾਨ ਕਰ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਸ਼ਹੀਦ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਉਸ ਦੇ ਸਿਰ ਉੱਪਰ ਕਈ ਜ਼ਿੰਮੇਵਾਰੀਆਂ ਹਨ। ਉਸ ਨੇ ਦੱਸਿਆ ਕਿ ਉਸ ਕੋਲ ਜੋ ਵੀ ਲੋਕ ਆਸ ਲੈ ਕੇ ਆਉਂਦੇ ਹਨ। ਉਹ ਹਰ ਇਕ ਵਿਅਕਤੀ ਦੇ ਸੁੱਖ ਦੁੱਖ ਵਿੱਚ ਨਾਲ ਖੜ੍ਹਦਾ ਹੈ। ਨਿਰੰਜਨ ਨੇ ਦੱਸਿਆ ਕਿ ਇੰਝ ਪੱਗ ਬੰਨ੍ਹਣ ਨਾਲ ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸ਼ਹੀਦੀ ਨੂੰ ਹਮੇਸ਼ਾ ਤਾਜ਼ਾ ਰੱਖਣਾ ਚਾਹੁੰਦਾ ਹੈ। ਪੱਗ ਬੰਨ੍ਹ ਕੇ ਭਗਤ ਸਿੰਘ ਦੀ ਦਿੱਖ ਨੂੰ ਦੁਨੀਆ ਮੂਹਰੇ ਪੇਸ਼ ਕਰਦਾ ਆ ਰਿਹਾ ਹੈ।