ਅੰਮ੍ਰਿਤਸਰ: ਪੰਜਾਬ ਵਿੱਚ ਆਏ ਦਿਨ ਅਜੀਬੋ ਗ਼ਰੀਬ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਕੁੱਝ ਘਟਨਾਵਾਂ ਦਾ ਅਜਿਹੀਆਂ ਹੁੰਦੀਆਂ ਹਨ ਜਿਹਨਾਂ ਨੂੰ ਸੁਣ ਕੇ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ, ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਪਿੰਡ ਨਿਜਾਮਪੁਰਾ ਦੇ ਵਿਚ ਨਰੇਗਾ ਦੇ ਪੈਸੇ ਦੀ ਸਹੀ ਵਰਤੋਂ ਹੋ ਰਹੀ ਹੈ ਜਾਂ ਨਹੀਂ ਇਹ ਜਾਂਚ ਕਰਵਾਉਣ ਲਈ ਪਿੰਡ ਦੇ ਹੀ ਨੌਜਵਾਨ ਨੂੰ ਇੰਨ੍ਹਾਂ ਮਹਿੰਗਾ ਪੈ ਗਿਆ ਕਿ ਪਿੰਡ ਦੇ ਸਰਪੰਚ ਅਤੇ ਉਸ ਦੀ ਪੰਚਾਇਤ ਮੈਂਬਰ ਨੇ ਧਰਮਿੰਦਰ ਸਿੰਘ ਨਾਮਕ ਨੌਜਵਾਨ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ, ਜਿਸ ਤੋਂ ਬਾਅਦ ਨੌਜਵਾਨ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਪਰ ਪੁਲਿਸ ਵੱਲੋਂ ਉਚਿਤ ਕਾਰਵਾਈ ਨਾ ਹੁੰਦੀ ਦੇਖ ਅੱਜ ਡਾ. ਧਰਮਿੰਦਰ ਸਿੰਘ ਨੌਜਵਾਨ ਪਿੰਡ ਦੀ ਹੀ ਬਣੀ ਟੈਂਕੀ ਦੇ ਉਪਰ ਚੜ੍ਹ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਸ ਦੌਰਾਨ ਧਰਮਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਰੱਖੀ ਕਿ ਉਸ ਦੇ ਹੋਏ ਕੇਸਾਂ ਦੀ ਬੇਅਦਬੀ ਦਾ ਮਾਮਲਾ ਪਿੰਡ ਦੇ ਸਰਪੰਚ ਅਤੇ ਪੂਰੀ ਪੰਚਾਇਤ ਦੇ ਉੱਪਰ ਦਰਜ ਕੀਤਾ ਜਾਵੇ ਨਹੀਂ ਤਾਂ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਆਰਟੀਆਈ ਪਾ ਕੇ ਪਿੰਡ ਵਿੱਚ ਮਨਰੇਗਾ ਦੇ ਕੰਮਾਂ ਦਾ ਵੇਰਵਾ ਪਤਾ ਕੀਤਾ ਸੀ, ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਅਤੇ ਪੂਰੀ ਪੰਚਾਇਤ ਵਲੋਂ ਉਕਤ ਨੌਜਵਾਨ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ।