ਅੰਮ੍ਰਿਤਸਰ:ਤੇਜ਼ ਮੀਂਹ ਪੈਣ ਕਾਰਨ ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਵਿੱਚ ਇਕ ਹਾਦਸਾ ਵਾਪਰਿਆ। ਦੱਸ ਦਈਏ ਕਿ ਇੱਕ ਪੁਰਾਣੀ ਬਿਲਡਿੰਗ ਦੀ ਕੰਧ ਡਿੱਗ ਗਈ, ਜਿਸ ਕਾਰਨ ਕਾਰ ਪਾਰਕਿੰਗ ਚ ਖੜੀਆਂ ਲੋਕਾਂ ਦੀ ਗੱਡੀਆਂ ਚਕਨਾਚੂਰ ਹੋ ਗਈਆਂ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਵੀ ਵਿਅਕਤੀ ਗੱਡੀ ’ਚ ਮੌਜੂਦ ਨਹੀਂ ਸੀ ਜਿਸ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ।
ਇਸ ਦੌਰਾਨ ਗੱਡੀ ਮਾਲਕਾਂ ਨੇ ਕਿਹਾ ਕਿ ਪਾਰਕਿੰਗ ਦੇ ਮਾਲਕ ਨੂੰ ਬਾਰ ਬਾਰ ਸੱਦਿਆ ਜਾ ਰਿਹਾ ਹੈ ਪਰ ਦੋ ਘੰਟੇ ਹੋ ਗਏ ਹਨ ਉਸ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਗੱਡੀ ਦੇ ਮਾਲਕਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਪਾਰਕਿੰਗ ਦੇ ਲਈ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਪਰ ਹੁਣ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਹੈ।
ਉਥੇ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਰਾ ਵੇਰਵਾ ਤੇ ਨਹੀਂ ਪਤਾ ਪਰ ਜੋ ਗੱਡੀਆਂ ਦਾ ਨੁਕਸਾਨ ਹੈ ਉਸ ਨੂੰ ਲੈ ਕੇ ਪਾਰਕਿੰਗ ਮਾਲਕ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।