ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਐਕਸਾਈਜ਼ ਦੇ ਮੁਲਾਜ਼ਮ ਅਵਤਾਰ ਸਿੰਘ ਨਾਮਕ ਵਿਅਕਤੀ ਨੂੰ ਕੁਝ ਲੋਕਾਂ ਵੱਲੋਂ ਮੌਤ ਦੇ ਘਾਟ ਉਤਾਰਿਆ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ 8 ਨੌਜਵਾਨਾਂ ਦੇ ਉਤੇ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਸੂਰੀ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਅੱਠ ਨੌਜਵਾਨਾਂ 'ਤੇ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ, ਉਹ ਬਿਲਕੁਲ ਨਿਰਦੋਸ਼ ਹਨ।
ਉਨ੍ਹਾਂ ਅੱਗੇ ਗੱਲਬਾਤ ਕਰਦੇ ਦੱਸਿਆ ਕਿ ਇਸ ਮਾਮਲੇ 'ਚ ਵੀਡੀਓ ਸਾਹਮਣੇ ਆਈਆਂ ਹਨ। ਜਿਸ 'ਚ ਕਿ ਐਕਸਾਈਜ਼ ਕਰਮਚਾਰੀ ਅਵਤਾਰ ਸਿੰਘ ਨਾਲ ਜੋ ਲੋਕ ਕੁੱਟਮਾਰ ਕਰ ਰਹੇ ਹਨ, ਉਨ੍ਹਾਂ ਦਾ ਨਾਮ ਇਸ ਪਰਚੇ ਵਿੱਚ ਨਹੀਂ ਹੈ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਵਲੋਂ ਜਿਨ੍ਹਾਂ ਨੌਜਵਾਨਾਂ ਦੇ ਨਾਮ ਦਰਜ ਕੀਤੇ ਗਏ ਹਨ, ਉਹ ਨਜ਼ਦੀਕ ਕਿਸੇ ਵਿਆਹ ਸਮਾਰੋਹ ਵਿੱਚ ਆਏ ਸਨ। ਜਿਸ ਤੋਂ ਬਾਅਦ ਪੀੜ੍ਹਤ ਪਰਿਵਾਰਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ। ਜਿਸਦੇ ਚਲਦੇ ਉਨ੍ਹਾਂ ਵੱਲੋਂ ਅੰਮ੍ਰਿਤਸਰ ਪੁਲਿਸ ਦੇ ਆਲਾ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।