ਅੰਮ੍ਰਿਤਸਰ: ਬਰਗਾੜੀ ਵਿਖੇ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਅਜੇ ਤੱਕ ਮੁਲਜ਼ਮਾਂ ਨੂੰ ਸਜ਼ਾਵਾਂ ਨਹੀਂ ਹੋ ਸਕੀਆਂ ਅਤੇ ਨਾ ਹੀ ਅਜੇ ਤੱਕ ਮੁਲਜ਼ਮਾਂ ਦਾ ਪਤਾ ਨਹੀਂ ਚਲ ਸਕਿਆ। ਪੰਜਾਬ ਵਿੱਚ ਤਿੰਨ ਸਰਕਾਰਾਂ ਬਰਗਾੜੀ ਮੁੱਦੇ ਅਤੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੇ ਨਾਮ ਉੱਤੇ ਹੀ ਬਦਲ ਚੁੱਕੀਆਂ ਹਨ ਪਰ ਅਜੇ ਤੱਕ ਬਰਗਾੜੀ ਮੁੱਦੇ ਉੱਤੇ ਦੋਸ਼ੀਆਂ ਦਾ ਸਹੀ ਤਰੀਕੇ ਨਾਲ ਪਤਾ ਨਹੀਂ ਚੱਲ ਪਾਇਆ ਹੈ।
ਸਿੱਖ ਜਥੇਬੰਦੀਆਂ ਦੇ ਆਗੂ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਰੇਸ਼ਮ ਸਿੰਘ ਖੁਖਰਾਣਾ ਵੱਲੋਂ ਅੰਮ੍ਰਿਤਸਰ ਵਿਚ ਪ੍ਰੈੱਸ ਵਾਰਤਾ ਕੀਤੀ ਗਈ। ਉਨ੍ਹਾਂ ਕਿਹਾ ਕਿ "2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬੁਰਜ ਜਵਾਹਰ ਸਿੰਘ ਵਾਲੇ ਵਿੱਚ ਚੋਰੀ ਕੀਤੇ ਗਏ। ਜਿਨ੍ਹਾਂ ਦੇ ਕੁੱਝ ਅੰਗ ਖੰਡਤ ਕਰਕੇ ਬਰਗਾੜੀ ਦੀਆਂ ਗਲੀਆਂ ਵਿੱਚ ਖਲਾਰੇ ਗਏ। ਬਾਕੀ ਦੇ ਅੰਗ ਕਿੱਥੇ ਗਏ, ਜੋ ਅੱਜ ਤੱਕ ਬਰਾਮਦ ਨਹੀਂ ਹੋ ਸਕੇ। ਉਹ ਕਿੱਥੇ ਹਨ ਲੱਭੇ ਜਾਣ ਅਤੇ ਕੌਮ ਨੂੰ ਦੱਸਿਆ ਜਾਵੇ।"
ਉਹਨਾਂ ਅੱਗੇ ਕਿਹਾ "ਜੇ 328 ਸਰੂਪ SGPC ਵੱਲੋਂ ਗਾਇਬ ਕੀਤੇ ਗਏ ਹਨ। ਉਹਨਾਂ ਦੀ ਪੜਤਾਲ ਕਰਵਾ ਕੇ ਸਚਾਈ ਸੰਗਤਾਂ ਦੇ ਸਾਹਮਣੇ ਲਿਆਂਦੀ ਜਾਵੇ ਅਤੇ ਸਰੂਪ ਬਰਾਮਦ ਕੀਤੇ ਜਾਣ। ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਦੋਸ਼ੀ ਭਾਵੇਂ ਕਿਸੇ ਵੀ ਅਹੁੱਦੇ ਉੱਤੇ ਬੈਠਾ ਹੋਵੇ।" ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈ ਜਾਂਚ ਨੂੰ ਅਸੀ ਮੱਢੋਂ ਰੱਦ ਕਰਦੇ ਹਾਂ। ਕਿਉਂ ਕਿ ਕੌਮ ਇਨ੍ਹਾਂ ਨੂੰ ਨਕਾਰ ਚੁੱਕੀ ਹੈ। ਇਸੇ ਤਰਾਂ ਪਿੰਡ ਕਲਿਆਣ (ਪਟਿਆਲਾ) ਵਿਖੇ ਗੁਰਦੁਆਰਾ ਹਰਦਾਸਪੁਰ ਸਾਹਿਬ ਤੋਂ ਇੱਕ ਪੁਰਾਤਨ ਸਰੂਪ (ਛੋਟੇ ਅਕਾਰ ਦੇ 20-7-2020 ਚੋਰੀ ਕੀਤੇ ਗਏ ਸਨ) ਜਿਸ ਦੇ ਰੋਸ ਵੱਲੋਂ ਸੰਗਤਾਂ ਨੇ ਕਾਫ਼ੀ ਸਮਾਂ ਧਰਨੇ ਮੁਜ਼ਾਹਰੇ ਕੀਤੇ। ਅਤੇ ਪ੍ਰਸ਼ਾਸਨ ਨੇ ਸੰਗਤਾਂ ਨੂੰ ਸਰੂਪ ਵਾਪਸ ਲਿਆਉਣ ਦਾ ਵਾਰ-ਵਾਰ ਭਰੋਸਾ ਦਿੱਤਾ ਅਤੇ ਅਜੇ ਤੱਕ ਮੁਲਜ਼ਮਾਂ ਉੱਤੇ ਕੋਈ ਕਾਰਵਾਈ ਨਾ ਹੋਈ।"