ਅੰਮ੍ਰਿਤਸਰ: ਸਿੱਖਾਂ ਦੇ ਤੀਜੇ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਸੂਬੇ ਭਰ ਵਿੱਚ ਸੰਗਤਾਂ ਪ੍ਰਕਾਸ਼ ਪੁਰਬ ਨੂੰ ਮਨਾ ਰਹੀਆਂ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੱਚਖੰਡ ਹਰਿੰਮਦਰ ਸਾਹਿਬ ਵਿੱਖੇ ਵਿਸ਼ੇਸ਼ ਜਲੌਅ ਸਜਾਏ ਗਏ। ਦਰਬਾਰ ਸਾਹਿਬ ਵਿੱਚ ਰਾਗੀ ਸਿੰਘਾਂ ਨੇ ਗੁਰੂ ਅਮਰਦਾਸ ਜੀ ਦੀ ਗੁਰਬਾਣੀ ਦਾ ਕੀਰਤਨ ਕੀਤਾ।
ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਸੰਗਤ ਭਾਵੇਂ ਸੀਮਤ ਗਿਣਤੀ ਵਿੱਚ ਹੀ ਪਹੁੰਚੀ। ਇਸ ਮੌਕੇ ਸੰਗਤ ਵਿੱਚ ਕੋਰੋਨਾ ਕਾਰਨ ਸਹਿਮ ਦੇ ਬਾਵਜੂਦ ਵੀ ਉਤਸ਼ਾਹ ਅਤੇ ਸ਼ਰਧਾ ਭਾਵਨਾ ਵੇਖਣ ਨੂੰ ਮਿਲੀ। ਇਸ ਮੌਕੇ ਪਹੁੰਚੀ ਸੰਗਤ ਨੇ ਵਿੱਚੋਂ ਜਥੇਦਾਰ ਮਨਜੀਤ ਸਿੰਘ ਨੇ ਗੁਰਪੁਰਬ ਮੌਕੇ ਲੰਗਰਾਂ ਵਿੱਚ ਇੱਕ ਲੱਖ ਦਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਇਹ ਭੇਟਾ ਕੋਰੋਨਾ ਵਾਇਰਸ ਦੌਰਾਨ ਚੱਲ ਰਹੇ ਗੁਰੂ ਕੇ ਲੰਗਰਾਂ ਵਿੱਚ ਦਿੱਤੀ ਗਈ ਹੈ।