ਅੰਮ੍ਰਿਤਸਰ: ਸ਼ਹੀਦ ਅਵਤਾਰ ਸਿੰਘ ਦੀ ਧੀ ਅਵਜੋਤ ਕੌਰ ਨਾਲ ਉਸ ਦੇ ਮਤਰੇਏ ਪਿਉ ਜਗਤਾਰ ਸਿੰਘ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਵੱਲੋਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧ ਵਿੱਚ "ਸਿੱਖ ਸਟੂਡੈਂਟ ਫੈਡਰੇਸ਼ਨ" ਸਣੇ ਕਈ ਸਿੱਖ ਜੱਥੇਬੰਦੀਆਂ ਪੀੜਤ ਨੂੰ ਸਮਰਥਨ ਦੇਣ ਲਈ ਸਾਹਮਣੇ ਆਈਆਂ ਹਨ।
ਸ਼ਹੀਦ ਦੀ ਧੀ ਨਾਲ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਖਿਲਾਫ ਹੋਵੇ ਸਖ਼ਤ ਕਾਰਵਾਈ: ਭਾਈ ਸਤਨਾਮ ਸਿੰਘ - ਭਾਈ ਸਤਨਾਮ ਸਿੰਘ
ਅੰਮ੍ਰਿਤਸਰ 'ਚ ਬੀਤੇ ਦਿਨੀਂ ਸ਼ਹੀਦ ਅਵਤਾਰ ਸਿੰਘ ਦੀ ਧੀ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤਾ ਨੂੰ ਇਨਸਾਫ ਦਵਾਉਣ ਲਈ ਸਿੱਖ ਸਟੂਡੈਂਟ ਫੈਡਰੇਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਤੇ ਹੋਰਨਾਂ ਕਈ ਜੱਥੇਬੰਦੀਆਂ ਉਸ ਦੇ ਹੱਕ 'ਚ ਸਮਰਥਨ ਕਰਨ ਲਈ ਅੱਗੇ ਆਇਆਂ ਹਨ।

ਇਸ ਬਾਰੇ ਗੱਲਬਾਤ ਕਰਦਿਆਂ "ਸਿੱਖ ਸਟੂਡੈਂਟ ਫੈਡਰੇਸ਼ਨ" ਦੇ ਪ੍ਰਧਾਨ ਭਾਈ ਸਤਨਾਮ ਸਿੰਘ ਕਾਹਲੋਂ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਉਹ ਸਾਨੂੰ ਇਤਿਹਾਸ ਨਾਲ ਜੋੜਦੇ ਹਨ, ਇਸ ਲਈ ਸਾਡੇ ਵੀ ਉਨ੍ਹਾਂ ਦੇ ਪਰਿਵਾਰ ਪ੍ਰਤੀ ਕੁੱਝ ਫਰਜ਼ ਬਣਦੇ ਹਨ। ਉਨ੍ਹਾਂ ਸ਼ਹੀਦ ਅਵਤਾਰ ਸਿੰਘ ਦੀ ਧੀ ਨਾਲ ਹੋਈ ਕੁੱਟਮਾਰ ਨੂੰ ਸ਼ਰਮਨਾਕ ਘਟਨਾ ਦੱਸਿਆ। ਉਨ੍ਹਾਂ ਕਿਹਾ ਕਿ ਉਹ ਪੀੜਤਾ ਅਵਜੋਤ ਕੌਰ ਦਾ ਪੂਰਾ ਸਮਰਥਨ ਕਰਨਗੇ ਤੇ ਇਨਸਾਫ ਦੀ ਲੜਾਈ 'ਚ ਉਸ ਦਾ ਸਾਥ ਦੇਣਗੇ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸ਼ਹੀਦ ਸਾਡੇ ਵਾਰਸ ਹਨ ਅਤੇ ਅਸੀਂ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਹਮੇਸ਼ਾ ਤਤਪਰ ਹਾਂ। ਭਾਈ ਕਾਹਲੋਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਲਈ ਆਉਣ ਵਾਲੇ ਦਿਨਾਂ ਵਿੱਚ ਸਬੰਧਤ ਥਾਣੇ ਜਾ ਕੇ ਸਿੱਖ ਸਟੂਡੈਂਟ ਫੈਡਰੇਸ਼ਨ, ਦਮਦਮੀ ਟਕਸਾਲ (ਬਾਬਾ ਰਾਮ ਸਿੰਘ) ਅਤੇ ਮੁੜ ਵਸੇਵਾ ਜੋਧਪੁਰ ਕਮੇਟੀ ਵੱਲੋਂ ਪੈਰਵੀ ਕੀਤੀ ਜਾਵੇਗੀ। ਭਾਈ ਸਤਨਾਮ ਸਿੰਘ ਨੇ ਕਿਹਾ ਕਿ ਸ਼ਹੀਦਾ ਦੇ ਪਰਿਵਾਰ ਨਾਲ ਤੱਸ਼ਦਦ ਕਰਨ ਵਾਲੇ ਮੁਲਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪੀੜਤਾ ਦੇ ਹੱਕ 'ਚ ਇਨਸਾਫ ਦੀ ਮੰਗ ਕਰਦਿਆਂ ਪੁਲਿਸ ਪ੍ਰਸ਼ਾਸਨ ਕੋਲੋਂ ਇਸ ਮਾਮਲੇ ਦੇ ਮੁਲਜ਼ਮਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸ਼ਹੀਦ ਅਵਤਾਰ ਸਿੰਘ ਦੀ ਧੀ ਅਵਜੋਤ ਕੌਰ ਨਾਲ ਪਿਛਲੇ ਦਿਨੀਂ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਜਿਸ ਕਾਰਨ ਪੀੜਤਾ ਨੂੰ ਸਿਰ ਅਤੇ ਮੂੰਹ 'ਤੇ ਕਾਫ਼ੀ ਡੂੰਘੀਆਂ ਸੱਟਾਂ ਲੱਗੀਆਂ। ਪੀੜਤਾ ਨੇ ਆਪਣੇ ਦਾਦਕੇ ਪਰਿਵਾਰ 'ਤੇ ਉਸ ਦੇ ਹਿੱਸੇ ਦੀ ਜ਼ਮੀਨ 'ਤੇ ਕਬਜ਼ਾ ਕਰਨ ਅਤੇ ਉਸ ਦੇ ਮਤਰੇਏ ਪਿਓ ਤੇ ਚਾਚੀ ਨਾਲ ਗ਼ਲਤ ਸਬੰਧ ਦੇ ਦੋਸ਼ ਲਾਏ ਹਨ। ਪੀੜਤਾ ਨੇ ਇਸ ਸਬੰਧ 'ਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਪੀੜਤਾ ਨੇ ਦੱਸਿਆ ਕਿ ਪੁਲਿਸ ਵੱਲੋਂ ਉਸ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।