ਅੰਮ੍ਰਿਤਸਰ: ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਭਾਰਤੀ ਫੌਜ ਦੀ ਗੁਪਤ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਗ੍ਰਿਫਤਾਰ ਕੀਤਾ ਗਿਆ ਵਿਅਕਤੀ ਦਾ ਨਾਂ ਮਨਦੀਪ ਸਿੰਘ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫਤਾਰ ਕੀਤਾ ਗਿਆ ਮਨਦੀਪ ਸਿੰਘ ਪਾਕਿਸਤਾਨ ਚ ਆਈਐਸਆਈ ਦੇ ਨਾਲ ਸੰਪਰਕ ’ਚ ਸੀ।
ਦੱਸ ਦਈਏ ਕਿ ਇੰਟੈਲੀਜੈਂਸ ਦੀ ਅਗਵਾਈ ਚ ਕੀਤੀ ਗਈ ਇੱਕ ਕਾਰਵਾਈ ’ਚ ਸਟੇਟੇ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਇੱਕ ਮਨਦੀਪ ਸਿੰਘ ਨਾਂ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸਦੀ ਉਮਰ ਤਕਰੀਬਨ 35 ਸਾਲ ਹੈ। ਕਾਬੂ ਕੀਤਾ ਗਿਆ ਵਿਅਕਤੀ ਪੱਥਰ ਭੰਨਣ ਦਾ ਕੰਮ ਕਰਦਾ ਸੀ ਜਿਸ ਕਾਰਨ ਛਾਉਣੀ ਖੇਤਰ ਦੇ ਨੇੜੇ ਸਥਿਤ ਪਠਾਨਕੋਟ ਵਿੱਚ ਕਰੱਸ਼ਰ ਯੂਨਿਟ ਚ ਹੋਣ ਕਾਰਨ ਸੰਵੇਦਨਸ਼ੀਲ ਟਿਕਾਣੇ ਦੇ ਆਧਾਰ 'ਤੇ ਉਹ ਇਲਾਕੇ 'ਚ ਫੌਜੀ ਗਤੀਵਿਧੀਆਂ 'ਤੇ ਆਸਾਨੀ ਨਾਲ ਨਜ਼ਰ ਰੱਖ ਸਕਦਾ ਸੀ। ਜਿਸਦੀ ਜਾਣਕਾਰੀ ਉਹ ਪਾਕਿ ਸਥਿਤ ਹੈਂਡਲਰਾਂ ਨੂੰ ਦੇ ਰਿਹਾ ਸੀ। ਜਾਣਕਾਰੀ ਦੇ ਐਵਜ਼ ਵਿੱਚ ਉਸ ਨੂੰ ਪਾਕਿ ਏਜੰਸੀਆਂ ਵੱਲੋਂ ਪੈਸੇ ਦਿੱਤੇ ਗਏ ਹਨ।
ਸ਼ੁਰੂਆਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਇੱਕ ਸਾਲ ਪਹਿਲਾਂ ਫੇਸਬੁੱਕ ਰਾਹੀਂ ਪਾਕਿਸਤਾਨ ਦੀ ਇੱਕ ਮਹਿਲਾ ਖੁਫ਼ੀਆ ਅਧਿਕਾਰੀ (ਪੀਆਈਓ) ਦੇ ਸੰਪਰਕ ਵਿੱਚ ਆਇਆ ਸੀ, ਜਿਸ ਨੇ ਖੁਦ ਨੂੰ ਭਾਰਤ ਚ ਬੈਂਗਲੁਰੂ ਸਥਿਤ ਇੱਕ ਆਈਟੀ ਯੂਨਿਟ ਵਿੱਚ ਕੰਮ ਕਰਨ ਬਾਰੇ ਦੱਸਿਆ ਸੀ
ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਨੂੰ ਪੀਆਈਓ ਨੇ ਜਾਸੂਸੀ ਗਤੀਵਿਧੀਆਂ ਚ ਸਾਮਲ ਕੀਤਾ ਸੀ ਅਤੇ ਉਸਨੂੰ ਪਠਾਨਕੋਟ, ਅੰਮ੍ਰਿਤਸਰ ਛਾਉਣੀ ਅਤੇ ਪਠਾਨਕੋਟ ਏਅਰਬੇਸ ਦੇ ਬਾਰੇ ਚ ਜਾਣਕਾਰੀ ਇੱਕਠਾ ਕਰਨ ਅਤੇ ਸਾਂਝਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਮੁਲਜ਼ਮ ਨੇ ਕੈਂਟ ਦੇ ਕੁਝ ਗੁਪਤ ਦਸਤਾਵੇਜ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ। ਮੁਲਜ਼ਮ ਦੇ ਫੋਨ ਦੀ ਜਾਂਚ ਤੋਂ ਬਾਅਦ ਕਈ ਤਸਵੀਰਾਂ ਅਤੇ ਦਸਤਾਵੇਜ ਮਿਲੇ ਸੀ।