ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਹੁਣ ਕੋਲਕਾਤਾ ਨਾਲ ਸਿੱਧਾ ਹਵਾਈ ਸੰਪਰਕ ਰਾਹੀਂ ਜੁੜ ਗਿਆ ਹੈ। ਅੰਮ੍ਰਿਤਸਰ-ਕੋਲਕਾਤਾ ਦਰਮਿਆਨ ਦੂਰੀ ਹੁਣ ਸਿਰਫ਼ 2 ਘੰਟੇ 40 ਮਿੰਟ ਦੀ ਰਹਿ ਗਈ ਹੈ। ਬੀਤੇ ਦਿਨੀਂ 1 ਦਸੰਬਰ ਨੂੰ ਇੰਡੀਗੋ ਵੱਲੋਂ ਸ਼ੁਰੂ ਕੀਤੀ ਗਈ ਇਸ ਉਡਾਣ ਨਾਲ ਕੋਲਕਤਾ ਦੇ ਨੇਤਾ ਜੀ ਸੁਭਾਸ਼ ਚੰਦਰ ਹਵਾਈ ਅੱਡੇ ਰਾਹੀਂ ਹੋਰ ਸ਼ਹਿਰ ਗੁਵਾਹਾਟੀ, ਸਿਲੀਗੁੜੀ, ਅਗਰਤਲਾ, ਭੁਵਨੇਸ਼ਵਰ, ਰਾਂਚੀ, ਬੈਂਕਾਕ ਵੀ ਅੰਮ੍ਰਿਤਸਰ ਨਾਲ ਜੁੜ ਗਏ ਹਨ।
ਕੋਲਕਾਤਾ ਤੋਂ ਰੋਜ਼ਾਨਾ ਸਵੇਰੇ 4:30 ਵਜੇ ਇਹ ਅੰਮ੍ਰਿਤਸਰ ਲਈ ਉਡਾਣ ਭਰੇਗੀ ਅਤੇ ਸਵੇਰ ਦੇ 7:10 ਵਜੇ ਅੰਮ੍ਰਿਤਸਰ ਪਹੁੰਚ ਕੇ ਫਿਰ ਸਵੇਰੇ 10:45 ਤੇ ਕੋਲਕਾਤਾ ਲਈ ਵਾਪਸ ਰਵਾਨਾ ਹੋਵੇਗੀ। ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ (ਉਪਰਾਲੇ) ਦੇ ਭਾਰਤ ਦੇ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ, ਮੈਂਬਰ ਦਲਜੀਤ ਸਿੰਘ ਸੈਣੀ ਪਹਿਲੀ ਉਡਾਣ 'ਤੇ ਅੰਮ੍ਰਿਤਸਰ ਤੋਂ ਕੋਲਕਾਤਾ ਪਹੁੰਚੇ।
ਕੋਲਕਾਤਾ ਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵੱਲੋਂ ਹਵਾਈ ਅੱਡੇ 'ਤੇ ਉਨ੍ਹਾਂ ਦਾ ਫੁੱਲਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਯੋਗੇਸ਼ ਕਾਮਰਾ ਨੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਡਾਣ ਨਾਲ ਇਨ੍ਹਾਂ ਸ਼ਹਿਰਾਂ ਦੇ ਵਿਚਕਾਰ ਨਾ ਸਿਰਫ਼ ਸੈਲਾਨੀਆਂ ਦੀ ਆਵਾਜਾਈ ਵੱਧੇਗੀ, ਸਗੋਂ ਕਾਰੋਬਾਰ ਅਤੇ ਵਪਾਰ ਵਿੱਚ ਵੀ ਵਾਧਾ ਹੋਵੇਗਾ। ਇਸ ਤੋਂ ਇਲਾਵਾ, ਇਨ੍ਹਾਂ ਸ਼ਹਿਰਾਂ ਦੀ ਅੰਤਰਰਾਸ਼ਟਰੀ ਕੁਨੈਕਟੀਵਿਟੀ ਨੂੰ ਵੀ ਹੁਲਾਰਾ ਮਿਲੇਗਾ ਕਿਉਂਕਿ ਕੋਲਕਾਤਾ ਦੇ ਮੁਸਾਫਿਰ ਅੰਮ੍ਰਿਤਸਰ ਤੋਂ ਬਰਮਿੰਘਮ, ਲੰਡਨ, ਦੁਬਈ, ਸ਼ਾਰਜਾਹ, ਅਸ਼ਕਾਬਾਦ, ਦੋਹਾ, ਤਾਸ਼ਕੰਦ ਆਦਿ ਲਈ ਕੌਮਾਂਤਰੀ ਉਡਾਣਾਂ ਵੀ ਲੈ ਸਕਣਗੇ।
ਇਸ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਗਮੋਗਨ ਸਿੰਘ ਨੇ ਕਿਹਾ ਕਿ ਇਸ ਉਡਾਣ ਨਾਲ ਹੁਣ ਸਿਰਫ਼ ਸਿੱਖ ਹੀ ਨਹੀਂ ਬਲਕਿ ਸਮੂਹ ਬੰਗਾਲੀ ਭਾਈਚਾਰਾ ਸਿਰਫ਼ ਢਾਈ ਘੰਟਿਆਂ ਵਿੱਚ ਹਰਿਮੰਦਰ ਸਾਹਿਬ ਦਰਸ਼ਨ ਕਰਨ ਲਈ ਪਹੁੰਚ ਸਕੇਗਾ। ਕੋਲਕਾਤਾ ਨਿਵਾਸੀ ਸਿਮਰਤ ਪਾਲ ਸਿੰਘ ਨੇ ਕੇਂਦਰ ਸਰਕਾਰ ਅਤੇ ਸ਼ਹਿਰੀ ਹਵਾਬਾਜੀ ਮੰਤਰਾਲੇ ਦਾ ਧੰਨਵਾਦ ਕੀਤਾ।