ਅੰਮ੍ਰਿਤਸਰ: ਭਾਰਤ ਵਿੱਚ ਚੱਲ ਰਹੇ ਕਰਫ਼ਿਊ ਕਰਕੇ ਆਮ ਲੋਕਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਜੋ ਲੋਕ ਸਰੀਰਕ ਤੌਰ 'ਤੇ ਅਪੰਗ ਜਾਂ ਨੇਤਰਹੀਣ ਹਨ, ਉਨ੍ਹਾਂ ਨੂੰ ਤੰਦਰੁਸਤ ਲੋਕਾਂ ਦੀ ਥਾਂ ਬਹੁਤ ਜ਼ਿਆਦਾ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਈਟੀਵੀ ਭਾਰਤ ਵੱਲੋਂ ਇਸ ਸਬੰਧ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਅੰਧ ਵਿਦਿਆਲਿਆ ਅਤੇ ਸੈਂਟਰਲ ਖਾਲਸਾ ਯਤੀਮਖਾਨੇ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ।
ਯਤੀਮਾ ਤੇ ਦਿਵਿਆਂਗਾ ਲਈ ਆਪਣੀ ਬਣੀ ਸਮਾਜ ਸੇਵੀ ਸੰਸਥਾਵਾਂ ਅੰਧ ਵਿਦਿਆਲਿਆ ਅੰਮ੍ਰਿਤਸਰ ਦੇ ਸੁਪਰਡੈਂਟ ਹਰੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਦਿਆਲਿਆਂ ਵਿੱਚ 60 ਨੇਤਰਹੀਣ ਵਿਦਿਆਰਥੀ ਬਿਲਕੁਲ ਮੁਫ਼ਤ ਪੜ੍ਹਾਈ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਥੇ ਹੀ ਹੋਸਟਲਾਂ ਵਿੱਚ ਰੱਖਿਆ ਜਾਂਦਾ ਹੈ। ਪਰ ਕਰਫ਼ਿਊ ਕਰਕੇ 45 ਦੇ ਕਰੀਬ ਬੱਚੇ ਆਪਣੇ ਘਰਾਂ ਵਿੱਚ ਚਲੇ ਗਏ ਹਨ ਅਤੇ ਬਾਕੀ ਰਹਿੰਦੇ ਬੱਚਿਆਂ ਦੇ ਲਈ ਯੋਗ ਪ੍ਰਬੰਧ ਹਨ।
ਉਨ੍ਹਾਂ ਦੱਸਿਆ ਕਿ ਇਹ ਅੰਧ ਵਿਦਿਆਲਿਆ ਸਾਲ 1930 ਤੋਂ ਚੱਲ ਰਿਹਾ ਹੈ ਤੇ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਹਰੀ ਸਿੰਘ ਨੇ ਦੱਸਿਆ ਕਿ ਕਰਫ਼ਿਊ ਦੇ ਪਹਿਲੇ 2 ਦਿਨ ਤਾਂ ਰਾਸ਼ਨ ਵਗੈਰਾ ਦੀ ਸਮੱਸਿਆ ਆਈ ਸੀ ਪਰ ਉਸ ਤੋਂ ਬਾਅਦ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਭ ਹੱਲ ਹੋ ਗਿਆ।
ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ ਨੁਮਾਇੰਦੇ ਸ਼ਰਨਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਯਤੀਮਖਾਨੇ ਵਿੱਚ 250 ਦੇ ਕਰੀਬ ਬੇਸਹਾਰਾ ਬੱਚੇ ਰਹਿ ਰਹੇ ਹਨ। ਇਹ ਸੰਸਥਾ ਸਾਲ 1904 ਵਿੱਚ ਭਾਈ ਹਰਬੰਸ ਸਿੰਘ ਅਟਾਰੀ ਅਤੇ ਭਾਈ ਵੀਰ ਸਿੰਘ ਵੱਲੋਂ ਚਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਲੌਕਡਾਊਨ ਕਰਕੇ ਜਿਆਦਾ ਸਮੱਸਿਆਵਾਂ ਨਹੀਂ ਆਈਆਂ ਕਿਉਂਕਿ ਦਾਨੀ ਸੱਜਣਾਂ ਨੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਤੇ ਉਨ੍ਹਾਂ ਦੇ ਸਮਾਨ ਸਟੋਰ ਵਿੱਚ ਬੱਚਿਆਂ ਦੇ ਲਈ ਲੋਂੜੀਦਾ ਸਾਮਾਨ ਪਿਆ ਹੈ ਤੇ ਸਾਰੇ ਹੀ ਬੱਚੇ ਤੰਦਰੁਸਤ ਹਨ ਤੇ ਉਨ੍ਹਾਂ ਵੱਲੋਂ ਨਿਰੰਤਰ ਬੱਚਿਆਂ ਦੀ ਸੇਵਾ ਕੀਤੀ ਜਾ ਰਹੀ ਹੈ।