ਅੰਮ੍ਰਿਤਸਰ: ਦਸਤਾਰ ਦਿਵਸ ਦੇ ਚੱਲਦੇ ਅਕਾਲ ਪੁਰਖ ਕੀ ਫੌਜ ਜਥੇਬੰਦੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਪੀਲੀਆਂ ਦਸਤਾਰਾਂ ਸਜਾ ਕੇ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਸ ਮਾਰਚ ਰਾਹੀਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਇਹ ਵਿਸ਼ਾਲ ਮੋਟਰਸਾਈਕਲ ਮਾਰਚ ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ ਮਹਾਰਾਜਾ ਰਣਜੀਤ ਸਿੰਘ ਚੌਕ ਕੋਲ ਆ ਕੇ ਸੰਪੂਰਨ ਹੋਇਆ। ਮਾਰਚ ਤੋਂ ਬਾਅਦ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂਆਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਦੇ ਦਸਤਾਰਾਂ ਵੀ ਸਜਾਈਆਂ ਗਈਆਂ।
ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਐਡਵੋਕੇਟ ਭਾਈ ਜਸਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿ ਦਸਤਾਰ ਸਿੱਖ ਦੀ ਆਨ, ਸ਼ਾਨ ਤੇ ਪਹਿਚਾਣ ਹੈ, ਜਿਸ ਦੇ ਸਨਮਾਨ ਲਈ ਹਰੇਕ ਸਿੱਖ ਹਰ ਕੁਰਬਾਨੀ ਕਰਨ ਨੂੰ ਹਮੇਸ਼ਾਂ ਤਿਆਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਦਸਤਾਰ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਇਹ ਮਾਰਚ ਕੱਢਿਆ ਗਿਆ ਹੈ। ਨੌਜਵਾਨਾ ਨੂੰ ਸਿਰਾਂ ’ਤੇ ਦਸਤਾਰ ਸਜਾਉਣ ਦੀ ਪ੍ਰੇਰਣਾ ਦੇਣ ਵਾਸਤੇ ਹੀ ਅੱਜ ਅਕਾਲ ਪੁਰਖ ਕੀ ਫੌਜ ਜਥੇਬੰਦੀ ਵੱਲੋਂ ਦਸਤਾਰ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।