ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਇੱਕ ਸਿੱਖ ਵਿਅਕਤੀ ਨੇ ਐੱਸਜੀਪੀਸੀ ਦੀ ਪ੍ਰਬੰਧਕੀ ਕਮੇਟੀ ਕੋਲ਼ ਪਹੁੰਚ ਕੇ ਧਰਮ ਪਰਿਵਰਤਨ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ। ਅੰਮ੍ਰਿਤਸਰ ਦੇ ਬਾਜ਼ਾਰ ਅਲਵਾਈਆਂ ਦੇ ਵਸਨੀਕ ਕੁਲਦੀਪ ਸਿੰਘ ਨੇ ਐੱਸਜੀਪੀਸੀ ਦੀ ਪ੍ਰਬੰਧਕੀ ਕਮੇਟੀ ਕੋਲ਼ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਹਾ ਕਿ ਉਸ ਦੀ ਪਤਨੀ ਅਤੇ ਬੱਚੇ ਨੂੰ ਗੁੰਮਰਾਹ ਕਰਕੇ ਇੱਕ ਪਾਦਰੀ ਵੱਲੋਂ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ।
ਕੁਲਦੀਪ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੇ ਘਰ ਵਿੱਚ ਘਰੇਲੂ ਕਲੇਸ਼ ਚੱਲ ਰਿਹਾ ਸੀ ਅਤੇ ਇਸ ਦੌਰਾਨ ਉਸ ਦੀ ਪਤਨੀ ਇੱਕ ਪਾਦਰੀ ਦੀਆਂ ਝੂਠੀਆਂ ਗੱਲਾਂ ਵਿੱਚ ਆ ਗਈ। ਕੁਲਦੀਪ ਮੁਤਾਬਿਕ ਉਸ ਦੀ ਪਤਨੀ ਨੇ ਕਈ ਵਾਰ ਉਸ ਨੂੰ ਇਸਾਈ ਧਰਮ ਕਬੂਲਣ ਲਈ ਕਿਹਾ ਅਤੇ ਪਾਦਰੀ ਨੇ ਵੀ ਕਈ ਵਾਰੀ ਉਸ ਦੀ ਪਤਨੀ ਉੱਤੇ ਇਸਾਈ ਧਰਮ ਕਬੂਲਣ ਲਈ ਦਬਾਅ ਬਣਾਇਆ। ਕੁਲਦੀਪ ਨੇ ਅੱਗੇ ਦੱਸਿਆ ਕਿ ਪਾਦਰੀ ਦੇ ਝਾਂਸੇ ਵਿੱਚ ਫਸ ਕੇ ਉਸ ਦੀ ਪਤਨੀ ਗੁੰਮਰਾਹ ਹੋ ਗਈ ਅਤੇ ਘਰ ਵਿੱਚੋਂ ਪੈਸੇ ਤੇ ਗਹਿਣੇ ਲੈਕੇ ਨਿਕਲ਼ ਗਈ।