ਅੰਮ੍ਰਿਤਸਰ:ਬੀਤੇ ਦਿਨੀਂ ਹੋਏ ਅੱਤਵਾਦੀ ਹਮਲੇ ਕਾਰਨ ਅਫਗਾਨਿਸਤਾਨ ਤੋਂ ਅੱਜ ਭਾਰਤ ਪੁੱਜੇ 11 ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਉਨ੍ਹਾਂ ਦੇ ਹਵਾਈ ਸਫਰ ਦਾ ਖਰਚ ਅਦਾ ਕੀਤਾ ਗਿਆ, ਉਥੇ ਹੀ ਦਿੱਲੀ ਹਵਾਈ ਅੱਡੇ ’ਤੇ ਉਚੇਚੇ ਤੌਰ ’ਤੇ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਮੀਤ ਸਕੱਤਰ ਸ. ਸਿਮਰਜੀਤ ਸਿੰਘ, ਬੀਬੀ ਰਣਜੀਤ ਕੌਰ ਦਿੱਲੀ ਤੇ ਦਿੱਲੀ ਸਿੱਖ ਮਿਸ਼ਨ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਸਮਾਣਾ ਨੇ ਅਫਗਾਨੀ ਸਿੱਖਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ।
ਇਹ ਵੀ ਪੜੋ:ਅੰਮ੍ਰਿਤਸਰ ਤੋਂ ਸਿੰਗਾਪੁਰ ਜਾਣ ਵਾਲੀ ਉਡਾਣ 'ਚ ਬੰਬ ਦੀ ਚਿਤਾਵਨੀ !
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਸਿੱਖ ਅਫਗਾਨਿਸਤਾਨ ਤੋਂ ਭਾਰਤ ਆਉਣਗੇ, ਉਨ੍ਹਾਂ ਦੇ ਹਵਾਈ ਖਰਚ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕਰੇਗੀ। ਇਸੇ ਤਹਿਤ ਹੀ ਭਾਰਤ ਪੁੱਜੇ 11 ਅਫਗਾਨੀ ਸਿੱਖਾਂ ਦੇ ਪਹਿਲੇ ਜਥੇ ਲਈ 2 ਲੱਖ 86 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।
ਦਿੱਲੀ ਹਵਾਈ ਅੱਡੇ ’ਤੇ ਅਫਗਾਨੀ ਸਿੱਖਾਂ ਦੇ ਸਵਾਗਤ ਲਈ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਫਗਾਨੀ ਸਿੱਖਾਂ ਨੂੰ ਭਾਰਤ ਲਿਆਉਣ ਦਾ ਵਾਅਦਾ ਕੀਤਾ ਸੀ, ਜਿਸ ਤਹਿਤ ਅੱਜ ਅਫਗਾਨਿਸਤਾਨ ਤੋਂ ਗਿਆਰਾਂ ਸਿੱਖਾਂ ਦਾ ਪਹਿਲਾ ਜੱਥਾ ਦਿੱਲੀ ਪੁੱਜਿਆ ਹੈ। ਇਨ੍ਹਾਂ ਸਿੱਖਾਂ ਵਿੱਚ ਹਮਲੇ ਦੌਰਾਨ ਜਖਮੀ ਹੋਇਆ ਇੱਕ ਸਿੱਖ ਵੀ ਸ਼ਾਮਲ ਹੈ ਅਤੇ ਉਹ ਆਪਣੇ ਨਾਲ ਹਮਲੇ ਦੌਰਾਨ ਮਾਰੇ ਗਏ ਸਿੱਖ ਦੀਆਂ ਅਸਥੀਆਂ ਵੀ ਲੈ ਕੇ ਆਏ ਹਨ।