ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਲਾਪਤਾ ਹੋਏ ਸਰੂਪਾਂ ਦੇ ਮਾਮਲੇ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਇਨਸਾਫ਼ ਲੈਣ ਲਈ ਚੱਲ ਰਹੇ ਧਰਨੇ 'ਤੇ ਮੰਗਵਾਲ ਨੂੰ ਕਮੇਟੀ ਦੀ ਟਾਸਕ ਫੋਰਸ ਨੇ ਹਮਲਾ ਕਰ ਦਿੱਤਾ ਸੀ। ਬੁੱਧਵਾਰ ਨੂੰ ਧਰਨਕਾਰੀਆਂ ਕੋਲ ਜਾਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਹਨ। ਇਸ ਮੌਕੇ ਪੱਤਰਕਾਰਾਂ ਨੂੰ ਵੀ ਧਰਨਾਕਾਰੀਆਂ ਕੋਲ ਸ਼੍ਰੋਮਣੀ ਕਮੇਟੀ ਨਹੀਂ ਜਾਣ ਦੇ ਰਹੀ ਅਤੇ ਪੱਤਰਕਾਰਾਂ ਨਾਲ ਧੱਕਾ ਮੁੱਕੀ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਨੂੰ ਧਰਨਾਕਾਰੀਆਂ ਕੋਲ ਜਾਣ ਤੋਂ ਰੋਕ ਰਹੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਦੁਆਰਾ ਰਾਮਸਰ ਸਾਹਿਬ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਦੇ ਗਾਇਬ ਹੋਣ ਦਾ ਜਦੋਂ ਭੇਦ ਖੁੱਲਿਆ ਤਾਂ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਜਾਂਚ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਅਧਿਕਾਰੀ ਅਤੇ ਮੁਲਾਜ਼ਮਾਂ ਨੂੰ ਸਰੂਪਾਂ ਦੇ ਲਾਪਤਾ ਹੋਣ ਦੋਸ਼ੀ ਦੱਸਿਆ ਅਤੇ ਗਾਇਬ ਸਰੂਪਾਂ ਦੀ ਗਿਣਤੀ 328 ਦੱਸੀ ਗਈ।
ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਵਾਲ ਗੱਲਬਾਤ ਦੌਰਾਨ ਦੱਸਿਆ ਕਿ ਦੋਸ਼ੀਆਂ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਥੋੜੇ ਦਿਨ ਬਾਅਦ ਯੂ-ਟਰਨ ਲੈਂਦੇ ਹੋਏ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੰਤ੍ਰਿਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਕੋਈ ਸਰੂਪ ਗਾਇਬ ਨਹੀਂ ਹੋਇਆ ਅਤੇ ਜਿਨ੍ਹਾਂ ਮੁਲਾਜ਼ਮਾਂ ਤੋਂ ਸਰੂਪਾਂ ਦੀ ਗਿਣਤੀ ਦਰਜ਼ ਕਰਨ ਮੌਕੇ ਗਲਤੀ ਹੋਈ ਹੈ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਅਰਦਾਸ ਕਰਨ।
ਸ਼੍ਰੋਮਣੀ ਕਮੇਟੀ ਦੀ ਇਸ ਗੱਲ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਸਰੂਪਾਂ ਦੇ ਮਾਮਲੇ ਵਿੱਚ ਇਨਸਾਫ਼ ਲੈਣ ਲਈ ਕਮੇਟੀ ਦਫ਼ਤਰ ਦੇ ਸਾਹਮਣੇ ਧਰਨਾ ਲਾ ਦਿੱਤਾ। ਵਾਹਿਗੁਰੂ ਦਾ ਜਾਪ ਕਰ ਰਹੇ ਧਰਨਕਾਰੀਆਂ ਅਤੇ ਕਵਰੇਜ਼ ਕਰ ਰਹੇ ਪੱਤਰਕਾਰਾਂ ਉੱਪਰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਹਮਲਾ ਕਰ ਦਿੱਤਾ ਸੀ, ਇਸ ਘਟਨਾ ਤੋਂ ਬਾਅਦ ਸ਼ੋਸਲ ਮੀਡੀਆ 'ਤੇ ਕਮੇਟੀ ਦੇ ਇਸ ਗਲਤੀ ਕਰਕੇ ਕਾਫ਼ੀ ਕਿਰਕਿਰੀ ਹੋਈ।
ਧਰਨੇ ਦੇ ਤੀਜੇ ਦਿਨ ਅੱਜ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਧਰਨੇ ਤੱਕ ਨਾ ਕਿਸੇ ਵਿਅਕਤੀ ਨੂੰ ਜਾਣ ਦੇਣ ਰਹੇ ਹਨ ਅਤੇ ਨਾ ਹੀ ਕਿਸੇ ਪੱਤਰਕਾਰ ਨੂੰ ਧਰਨੇ ਵਾਲੀ ਥਾਂ 'ਤੇ ਜਾਣ ਦਿੱਤਾ ਜਾ ਰਿਹਾ ਹੈ। ਕਮੇਟੀ ਵੱਲੋਂ ਧਰਨਾਕਾਰੀ ਤੱਕ ਰੋਕ ਰੱਖਣ ਲਈ ਤਿੰਨ ਪਾਸਿਆਂ ਉੱਪਰ ਟੀਨ ਲਾ ਕੇ ਰਾਹ ਰੋਕਿਆ ਹੋਇਆ ਹੈ। ਜਦੋਂ ਹੀ ਕੋਈ ਪੱਤਰਕਾਰ ਧਰਨਾਕਾਰੀਆਂ ਕੋਲ ਜਾਣ ਦੀ ਕੋਸ਼ਿਸ ਕਰਦਾ ਹੈ ਤਾਂ ਸ੍ਰੋਮਣੀ ਕਮੇਟੀ ਦੇ ਮੁਲਾਜ਼ਮ ਧੱਕਾ ਮੁੱਕੀ ਕਰਦੇ ਹਨ।