ਅੰਮ੍ਰਿਤਸਰ:ਕੋਰੋਨਾ ਮਹਾਂਮਾਰੀ ਦੇ ਕਾਰਨ ਸਰਕਾਰ ਵੱਲੋਂ ਸਾਰੇ ਸਕੂਲ, ਕਾਲਜ ਅਤੇ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ, ਜਿਸ ਕਾਰਨ ਉਨ੍ਹਾਂ ਵੱਲੋਂ ਆਨਲਾਈਨ ਪੜ੍ਹਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਪਰ ਨਵੇਂ ਤਜ਼ਰਬੇ ਕਾਰਨ ਵਿਦਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਉਂਕਿ ਬੱਚੇ ਸਕੂਲ ਜਾਣ ਤੋਂ ਬਾਅਦ ਲਗਾਤਾਰ 6 ਤੋਂ 8 ਘੰਟੇ ਪੜ੍ਹਦੇ ਸਨ ਅਤੇ ਇਸ ਆਦਤ ਕਾਰਨ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ 'ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ 2 ਸਾਲ ਦੇ ਕੋਰੋਨਾ ਪੀਰੀਅਡ ਕਾਰਨ ,ਬੱਚਿਆਂ ਨੂੰ ਹੁਣ ਔਨਲਾਈਨ ਸਟੱਡੀ ਦੀ ਆਦਤ ਪੈ ਗਈ ਸੀ।
ਸਰਕਾਰ ਵੱਲੋਂ ਅਪ੍ਰੈਲ ਤੋਂ ਇੱਕ ਵਾਰ ਫਿਰ ਤੋਂ ਆਫਲਾਈਨ ਰੈਗੂਲਰ ਸਕੂਲ-ਕਾਲਜ ਖੋਲ੍ਹ ਦਿੱਤੇ ਗਏ ਹਨ,ਜਿਸ ਤੋਂ ਬਾਅਦ ਹੁਣ ਵਿਦਿਆਰਥੀ ਇੱਕ ਵਾਰ ਫਿਰ ਤੋਂ ਪੁਰਾਣੀ ਰੁਟੀਨ ਵਿੱਚ ਪਰਤਣ ਲਈ ਸਮਾਂ ਲੈ ਰਹੇ ਹਨ ਅਤੇ ਬੋਰਡ ਦੀਆਂ ਪ੍ਰੀਖਿਆਵਾਂ ਵੀ ਉਸੇ ਤਰ੍ਹਾਂ ਹੋਣ ਕਾਰਨ ਵੀ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਜਦੋਂ ਮਾਪਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੋਂ ਔਨਲਾਈਨ ਪੜ੍ਹਾਈ ਸ਼ੁਰੂ ਹੋਈ ਤਾਂ ਉਸ ਸਮੇਂ ਤੋਂ ਹੀ ਬੱਚਿਆ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਅਤੇ ਨਵੇਂ ਤਜ਼ਰਬੇ ਕਰਨ ਦੇ ਆਦੀ ਨਹੀਂ ਸੀ। ਉਸ ਸਮੇਂ ਤੋ ਬੱਚਿਆਂ ਨੂੰ ਆਰਾਮ ਕਰਨ ਦੀ ਆਦਤ ਪੈ ਗਈ ਸੀ, ਸਿਰਫ ਫੋਨ 'ਤੇ ਕਲਾਸਾਂ ਲਾ ਕੇ ਬੱਚੇ ਫਾਰਮੈਲਿਟੀ ਪੂਰੀ ਕਰ ਲੈਂਦੇ ਸੀ, ਪਰ ਜਦੋਂ ਇਕ ਵਾਰ ਫਿਰ ਆਫਲਾਈਨ ਕਲਾਸਾਂ ਸ਼ੁਰੂ ਹੋ ਗਈਆਂ ਹਨ, ਤਾਂ ਬੱਚਿਆ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਪਿਆਂ ਨੇ ਦੱਸਿਆ ਕਿ ਇਮਤਿਹਾਨ ਹੋਣ ਕਾਰਨ ਬੱਚਿਆਂ ਨੂੰ ਸੀਮਤ ਸਮੇਂ ਵਿੱਚ ਇਮਤਿਹਾਨ ਦੇਣਾ ਬਹੁਤ ਔਖਾ ਹੋ ਗਿਆ ਹੈ ਅਤੇ ਬੱਚਿਆਂ ਦੀ ਲਿਖਤ 'ਤੇ ਵੀ ਬਹੁਤ ਮਾੜਾ ਅਸਰ ਪੈ ਰਿਹਾ ਹੈ। ਬੱਚਿਆਂ ਦੀ ਲਿਖਣ ਦੀ ਆਦਤ ਖਤਮ ਹੋ ਗਈ ਹੈ ਅਤੇ ਹੁਣ ਜਦੋਂ ਉਹ ਲਿਖਦੇ ਹਨ ਤਾਂ ਉਹ ਗਲਤੀ ਵੀ ਕਰਦੇ ਹਨ,ਇਸ ਦਾ ਅਸਰ ਬੱਚਿਆਂ ਦੀ ਮੈਰਿਟ ਲਿਸਟ 'ਤੇ ਵੀ ਪਵੇਗਾ।