ਅੰਮ੍ਰਿਤਸਰ: ਸ਼ਹਿਰ ਦੇ ਗੇਟ ਹਕੀਮਾ ਨੇੜੇ ਮੂਲੇ ਚੱਕ ਵਿਖੇ ਭਾਰੀ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ 'ਚ ਇੱਕ ਪਰਿਵਾਰ ਦੇ ਚਾਰ ਜੀਆਂ ਦੇ ਮੌਤ ਹੋਣ ਦੀ ਖ਼ਬਰ ਹੈ।
ਜਾਣਕਾਰੀ ਮੁਤਾਬਕ ਦੇਰ ਰਾਤ ਭਾਰੀ ਮੀਂਹ ਪੈਣ ਨਾਲ ਘਰ ਦੀ ਛੱਤ ਅਚਾਨਕ ਡਿੱਗ ਗਈ। ਇਹ ਹਾਦਸਾ ਰਾਤ ਦੇ ਢਾਈ ਵਜੇ ਵਾਪਰਿਆ ਤੇ ਹਾਦਸੇ ਦੇ ਸਮੇਂ ਪੂਰਾ ਪਰਿਵਾਰ ਸੁੱਤਾ ਹੋਇਆ ਸੀ। ਅਚਾਨਕ ਛੱਤ ਡਿੱਗਣ ਨਾਲ ਇੱਕੋ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਛੱਤ ਦੇ ਮਲਬੇ ਹੇਠਾਂ ਆਉਣ ਨਾਲ ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ।
ਛੱਤ ਡਿੱਗਣ ਨਾਲ 4 ਲੋਕਾਂ ਦੀ ਮੌਤ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਘਰ 'ਚ ਅਜੈ ਕੁਮਾਰ ਆਪਣੀ ਪਤਨੀ ਮਾਰਮੀ ਅਤੇ ਤਿੰਨ ਬੱਚਿਆਂ ਨਾਲ ਰਹਿੰਦਾ ਸੀ। ਲੋਕਾਂ ਦੀ ਮਦਦ ਨਾਲ ਉਸ ਦੀ ਇੱਕ ਬੱਚੀ ਨੂੰ ਬਚਾਇਆ ਜਾ ਸਕਿਆ ਹੈ। ਬੱਚੀ ਦੇ ਗੰਭੀਰ ਜ਼ਖਮੀ ਹੋਣ ਦੇ ਚਲਦੇ ਉਸ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਹੋਰ ਪੜ੍ਹੋ :ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਬਿਮਾਰੀ ਕਾਰਨ ਮਲੇਸ਼ੀਆ 'ਚ ਮੌਤ
ਘਟਨਾ ਵਾਲੀ ਥਾਂ 'ਤੇ ਪੁੱਜੇ ਇਲਾਕੇ ਦੇ ਕੌਂਸਲਰ ਪਰਮਜੀਤ ਚੋਪੜਾ ਨੇ ਇਸ ਨੂੰ ਮੰਦਭਾਗੀ ਘਟਨਾ ਦੱਸਿਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਹ ਸੰਭਵ ਮਦਦ ਕਰਨਗੇ। ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ।