ਅੰਮ੍ਰਿਤਸਰ : ਪਵਿੱਤਰ ਨਗਰੀ ਅੰਮ੍ਰਿਤਸਰ ਦੇ ਲਗਪਗ 4.14 ਲੱਖ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜਿੱਥੇ ਬਿਜਲੀ ਹੈਲਪਲਾਈਨ ਦੇ 5 ਨੰਬਰ ਜਾਰੀ ਕੀਤੇ ਹਨ। ਉੱਥੇ ਬਿਜਲੀ ਛੇਤੀ ਠੀਕ ਕਰਨ ਲਈ ਮੋਟਰਸਾਇਕਲ ਅਤੇ ਜੀਪਾਂ ਦੇ ਕਾਫਲੇ ਨੂੰ ਵੀ ਝੰਡਾ ਵਿਖਾ ਕੇ ਸ਼ਹਿਰ ਵਾਸੀਆਂ ਲਈ ਤੋਰਿਆ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਅੱਜ ਦੀ ਕੋਸ਼ਿਸ਼ ਇਸ ਕੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਸਟਾਫ਼ ਦੀ ਭਾਰੀ ਘਾਟ ਅਤੇ ਹਰ ਤਰ੍ਹਾਂ ਦੇ ਮੌਸਮ ਦੇ ਬਾਵਜੂਦ ਵੀ ਪੀਐਸਪੀਸੀਐਲ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ।
ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ "ਕੋਈ ਸਪਲਾਈ ਸ਼ਿਕਾਇਤ ਨਹੀਂ" ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਲਈ ਸ਼ਿਕਾਇਤਾਂ ਦੇ ਨਿਪਟਾਰੇ ਵਾਸਤੇ 65 ਮੋਟਰਸਾਇਕਲ, 5 ਜੀਪਾਂ ਅਤੇ ਇਕ ਹਾਈਡ੍ਰੌਲਿਕ ਲਿਫਟ ਨਾਲ ਲੈਸ ਜੀਪ ਨੂੰ ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਤੋਰਿਆ। ਇਹ ਸਿਟੀ ਸਰਕਲ ਅੰਮ੍ਰਿਤਸਰ ਦੀਆਂ ਵੱਖ-ਵੱਖ ਡਿਵੀਜ਼ਨਾਂ ਅਤੇ ਸਬ-ਅਰਬਨ ਸਰਕਲ ਅੰਮ੍ਰਿਤਸਰ ਦੇ ਪੂਰਬੀ ਅਧੀਨ ਖਪਤਕਾਰਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕਰਨਗੇ। ਇਹ ਕਰਮਚਾਰੀ ਅਤੇ ਗੱਡੀਆਂ ਸ਼ਿਫਟ ਅਨੁਸਾਰ 24 ਘੰਟੇ ਆਪਣੀ ਡਿਊਟੀ ਨਿਭਾਉਣਗੇ।