ਅੰਮ੍ਰਿਤਸਰ: ਪਿਛਲੇ ਦਿਨੀਂ ਪਾਕਿਸਤਾਨ ਵਿੱਚ ਇੱਕ ਹਾਦਸੇ ਦੌਰਾਨ 19 ਸਿੱਖ ਮਾਰੇ ਗਏ ਸਨ। ਇਸ ਹਾਦਸੇ 'ਚ ਕਈ ਗੰਭੀਰ ਜ਼ਖਮੀ ਵੀ ਹੋਏ ਸਨ। ਇਸ ਦਿਲ ਕੰਬਾਊ ਹਾਦਸੇ 'ਚ ਮਾਰੇ ਗਏ ਸ਼ਰਧਾਲੂਆਂ ਦੀ ਯਾਦ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਪਾਠਾਂ ਦੇ ਭੋਗ ਮੌਕੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੇਸ਼ਾਵਰ ਤੋਂ ਨਨਕਾਣਾ ਸਾਹਿਬ ਆਏ ਸਿੱਖ ਜਦੋਂ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਸਨ ਤਾਂ ਰੇਲਵੇ ਫਾਟਕ ਉੱਪਰ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 19 ਸਿੱਖ ਮਾਰੇ ਗਏ ਅਤੇ ਕਈ ਸਿੱਖ ਬੀਬੀਆਂ, ਬੱਚੇ ਤੇ ਬਜ਼ੁਰਗ ਗੰਭੀਰ ਜ਼ਖ਼ਮੀ ਹੋ ਗਏ। ਇਸ ਵੱਡੇ ਹਾਦਸੇ ਵਿੱਚ ਮਾਰੇ ਗਏ ਸਿੱਖਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਤੰਦਰੁਸਤੀ ਲਈ ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਵਾਏ ਗਏ ਸਨ।