ਅੰਮ੍ਰਿਤਸਰ: ਪੰਜਾਬ ਵਿੱਚ ਝੋਨਾ ਲਗਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਥੇ ਹੀ ਝੋਨਾ ਲਗਾਉਣ ਲਈ ਲੇਬਰ ਵਜੋਂ ਪ੍ਰਵਾਸੀ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ, ਪਰ ਲੇਬਰ ਦੀ ਘਾਟ ਕਾਰਨ ਪੜ੍ਹੇ ਲਿਖੇ ਨੌਜਵਾਨ ਝੋਨਾ ਲਾਉਣ ਲਈ ਮਜ਼ਬੂਰ ਹਨ। ਸਰਕਾਰ ਦੀ ਅਣਦੇਖੀ ਅਤੇ ਅਵੇਸਲੇਪਨ ਦਾ ਅਸਰ ਸਭ ਪਾਸੇ ਦਿਖਾਈ ਦੇ ਰਿਹਾ ਹੈ। ਲੌਕ ਡਾਊਨ ਅਤੇ ਕੋਰੋਨਾ ਕਾਰਨ ਜਿਥੇ ਜਿਆਦਾਤਰ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਪਰਤ ਚੁੱਕੇ ਹਨ, ਉਥੇ ਹੀ ਬੇਰਜ਼ਗਾਰ ਨੌਜਵਾਨ ਡਿਗਰੀਆਂ ਹਾਸਲ ਕਰਨ ਦੇ ਬਾਵਜੂਦ ਦਿਹਾੜੀਆਂ ਕਰਨ ਲਈ ਮਜ਼ਬੂਰ ਹਨ।
ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੜ੍ਹੇ ਲਿਖੇ ਨੌਜਵਾਨ ਮਨਰਾਜ ਸਿੰਘ ਦਾ ਕਹਿਣਾ ਕਿ ਲੇਬਰ ਦੀ ਘਾਟ ਕਾਰਨ ਉਹ ਖੁਦ ਝੋਨਾ ਲਗਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਜਾਂ ਤਾਂ ਲੇਬਰ ਮਿਲਦੀ ਨਹੀਂ ਅਤੇ ਜਾਂ ਫਿਰ ਬਹੁਤ ਜਿਆਦਾ ਰੇਟ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਸਰਕਾਰਾਂ ਵਲੋਂ ਕਿਸਾਨਾਂ ਦੀ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵਲੋਂ ਅੱਠ ਘੰਟੇ ਦੀ ਥਾਂ ਛੇ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਜਿਸ ਕਾਰਨ ਪਾਣੀ ਦੀ ਪੂਰਤੀ ਲਈ ਉਨ੍ਹਾਂ ਨੂੰ ਜਰਨੇਟਰ ਦਾ ਸਹਾਰਾ ਲੈਣਾ ਪੈ ਰਿਹਾ ਹੈ।