ਅੰਮ੍ਰਿਤਸਰ: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ 'ਚ ਹਿੰਦੂ-ਸਿੱਖਾਂ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਪੈਦਾ ਹੋਈ ਹਾਲਾਤਾਂ ਦੇ ਮੱਦੇਨਜ਼ਰ ਵਿਰਾਸਤੀ ਮਾਰਗ 'ਤੇ ਇੱਕ ਕੈਂਡਲ ਮਾਰਚ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਵੱਲੋਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਟਵੀਟ ਕੀਤਾ ਸੀ ਕਿ ਉਹ ਸ਼ਾਮ 6:30 ਮਿੰਟ ਤੇ ਵਿਰਾਸਤੀ ਮਾਰਗ 'ਤੇ ਆ ਕੇ ਸ਼ਾਂਤੀ ਅਤੇ ਭਾਈਚਾਰੇ ਦੀ ਸਾਂਝ ਬਣਾਈ ਰੱਖਣ ਦੀ ਗੱਲ ਕਰਨਗੇ ਅਤੇ ਪੰਜਾਬ ਦੀ ਏਕਤਾ ਲਈ ਇਕ ਕੈਂਡਲ ਮਾਰਚ ਕਰਨਗੇ। ਸਿੱਧੂ ਨੇ ਵਿਰਾਸਤੀ ਮਾਰਗ 'ਤੇ ਡਾ. ਬੀ.ਆਰ. ਅੰਬੇਦਕਰ ਜੀ ਦੇ ਬੁੱਤ ਤੋਂ 100 ਮੀਟਰ ਦੀ ਦੂਰੀ ਤੱਕ ਇਕ ਕੈਂਡਲ ਮਾਰਚ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ 29 ਅਪ੍ਰੈਲ ਦੀ ਹਿੰਸਾ ਦਾ ਜ਼ਿੰਮੇਵਾਰ ਆਮ ਆਦਮੀ ਪਾਰਟੀ ਨੂੰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਪਟਿਆਲਾ ਪ੍ਰਸ਼ਾਸਨ ਨੂੰ ਤਕਰੀਬਨ ਇੱਕ ਹਫਤਾ ਪਹਿਲਾਂ ਹੀ ਇਸ ਬਾਬਤ ਜਾਣਕਾਰੀ ਦੇ ਦਿੱਤੀ ਗਈ ਸੀ ਤਾਂ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਕਿਉਂ ਨਹੀਂ ਕੀਤੇ ਗਏ। ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਅਨੁਭਵਹੀਣ ਸਰਕਾਰ ਦੱਸਿਆ ਅਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਲਈ ਖੜ੍ਹਾ ਰਹੇਗਾ।