ਅੰਮ੍ਰਿਤਸਰ: ਵਿਜੈ ਨਗਰ ਪੁਲਿਸ ਚੌਕੀ ਵਿੱਚ ਨੂੰਹ ਸੱਸ ਦੇ ਘਰੇਲੂ ਝਗੜੇ ਨੂੰ ਲੈ ਕੇ ਦੋਵੇਂ ਧਿਰਾਂ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਦੂਸਰੇ ਨਾਲ ਕੁੱਟ ਮਾਰ ਕਰਨ ਲੱਗ ਗਈਆਂ ਅਤੇ ਦੂਜੇ ਪਾਸੇ ਕਵਰੇਜ ਕਰਨ ਆਏ ਪੱਤਰਕਾਰ ਨਾਲ ਵੀ ਮੁਨਸ਼ੀ ਵੱਲੋਂ ਕੁੱਟਮਾਰ ਕਰਨ ਦੇ ਆਰੋਪ ਲਗਾਏ ਗਏ ਹਨ। ਪੱਤਰਕਾਰ ਨੇ ਆਰੋਪ ਲਗਾਏ ਹਨ ਕਿ ਉਸ ਨਾਲ ਧੱਕਾ ਕੀਤਾ ਗਿਆ ਹੈ ਅਤੇ ਉਸ ਦੀ ਪੱਗ ਵੀ ਉਤਾਰੀ ਗਈ ਹੈ। ਇਸ ਨੂੰ ਲੈ ਕੇ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਜ਼ਲਮ 'ਤੇ ਕਾਰਵਾਈ ਕੀਤੀ ਜਾਵੇਗੀ।
ਮਾਮਲੇ ਦੀ ਜਾਣਕਾਰੀ ਦਿੰਦਿਆ ਪੀੜਤ ਪੱਤਰਕਾਰ ਨੇ ਦੱਸਿਆ ਕਿ ਮੈਂ ਆਪਣੇ ਰਿਸ਼ਤੇਦਾਰ ਦੇ ਘਰੇਲੂ ਝਗੜੇ ਨੂੰ ਲੈ ਕੇ ਵਿਜੈ ਨਗਰ ਚੌਕੀ ਪਹੁੰਚਿਆ ਸੀ, ਪਰ ਜਦੋਂ ਮੈਂ ਥਾਣੇ ਵਿੱਚ ਆਇਆ ਤਾਂ ਦੋਵੇਂ ਧਿਰਾਂ ਦੀ ਆਪਸ ਵਿੱਚ ਝੜਪ ਹੋ ਰਹੀ ਸੀ। ਇਸ ਨੂੰ ਲੈ ਕੇ ਜਦੋਂ ਮੈਂ ਪੁਲਿਸ ਮੁਲਾਜਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਮੇਰੇ ਨਾਲ ਹੱਥੋਪਾਈ ਕਰਦਿਆਂ ਮੇਰੀ ਪੱਗ ਉਤਾਰ ਦਿੱਤੀ ਅਤੇ ਮੇਰੇ ਨਾਲ ਕੁੱਟਮਾਰ ਕੀਤੀ ਗਈ। ਮਾਮਲੇ ਦੇ ਸੰਬਧੀ ਜਦੋਂ ਐਸ.ਐਚ.ਓ. ਥਾਣਾ ਸਦਰ ਗੁਰਬਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ।