ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਚਲਦੇ ਪੰਜਾਬ 'ਚ ਕਰਫਿਊ ਜਾਰੀ ਹੈ। ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਰਫਿਊ ਦੌਰਾਨ ਲੋੜਵੰਦ ਚੀਜ਼ਾਂ ਦੀ ਸਮੇਂ 'ਤੇ ਸਪਲਾਈ ਅਤੇ ਮੁਨਾਫਾਖੋਰੀ ਨੂੰ ਰੋਕਣ ਲਈ ਵਪਾਰੀ ਵਰਗ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਗੁਰਜੀਤ ਔਜਲਾ ਨੇ ਵਪਾਰੀਆਂ ਨਾਲ ਕੀਤੀ ਮੀਟਿੰਗ ਇਸ ਮੀਟਿੰਗ 'ਚ ਜ਼ਿਲ੍ਹੇ ਭਰ ਦੇ ਰਾਸ਼ਨ, ਦੁੱਧ ਆਦਿ ਦੇ ਵਪਾਰੀਆਂ, ਸਪਲਾਈ ਤੇ ਖ਼ੁਰਾਕ ਮਹਿਕਮੇ ਦੇ ਅਧਿਕਾਰੀਆਂ ਸਣੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਦੇ ਦੌਰਾਨ ਵਪਾਰੀਆਂ ਨੇ ਗੁਰਜੀਤ ਔਜਲਾ ਨਾਲ ਆਪਣੀਆਂ ਪਰੇਸ਼ਾਨੀਆਂ ਵੀ ਸਾਂਝੀਆਂ ਕੀਤੀਆਂ। ਔਜਲਾ ਨੇ ਵਪਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕੀਤੇ ਜਾਣ ਦਾ ਭਰੋਸਾ ਦਿੱਤਾ।
ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਕਰਫਿਊ ਦੇ ਦੌਰਾਨ ਸੂਬਾ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੁਸ਼ਕਲ ਸਮੇਂ ਦੇ ਵਿੱਚ ਵੀ ਕੁੱਝ ਪਿੰਡਾਂ ਤੇ ਕਸਬਿਆਂ ਤੋਂ ਇਹ ਸ਼ਿਕਾਇਤ ਮਿਲ ਰਹੀ ਹੈ ਕਿ ਕਈ ਦੁਕਾਨਦਾਰਾਂ ਵੱਲੋਂ ਵੱਧ ਮੁੱਲ ‘ਤੇ ਕਰਿਆਨਾ ਵਸਤੂਆਂ ਤੇ ਹੋਰ ਸਾਮਾਨ ਵੇਚਿਆ ਜਾ ਰਿਹਾ ਹੈ। ਜਦ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਦੁਕਾਨਦਾਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਵੀ ਸਾਮਾਨ ਮਹਿੰਗੇ ਮੁੱਲ 'ਤੇ ਮਿਲ ਰਿਹਾ ਹੈ।
ਹੋਰ ਪੜ੍ਹੋ :ਗ਼ਰੀਬਾਂ ਨੂੰ ਰਾਸ਼ਨ ਦੇਣ ਵਿੱਚ ਦੇਰੀ ਕਰ ਰਹੀ ਕੈਪਟਨ ਸਰਕਾਰ: ਖਹਿਰਾ
ਔਜਲਾ ਨੇ ਦੱਸਿਆ ਕਿ ਵਪਾਰੀਆਂ ਤੇ ਅਧਿਕਾਰੀਆਂ ਨਾਲ ਇਹ ਮੀਟਿੰਗ ਲੋਕਾਂ ਤੱਕ ਰਾਸ਼ਨ ਤੇ ਲੋੜਵੰਦ ਚੀਜ਼ਾਂ ਦੀ ਸਪਲਾਈ ਸਮੇਂ ਸਿਰ ਕਰਨ ਤੇ ਮੁਨਾਫਾਖੋਰੀ 'ਤੇ ਰੋਕ ਲਗਾਉਣ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਬਿਮਾਰੀ ਦੇ ਚਲਦੇ ਲੌਕਡਾਊਨ ਤੇ ਕਰਫਿਊ ਦੌਰਾਨ ਲੋਕ ਭੁੱਖਮਰੀ ਦਾ ਸ਼ਿਕਾਰ ਨਾ ਹੋਣ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਦੇ ਲਈ ਸਾਨੂੰ ਸਭ ਨੂੰ ਆਪਸੀ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਵਪਾਰੀਆਂ ਲਈ ਹੁਣ ਰੇਟ ਲਿਸਟ ਤਿਆਰ ਕੀਤੀ ਜਾਵੇਗੀ ਤੇ ਰੇਟ ਲਿਸਟ ਦੇ ਮੁਤਾਬਕ ਹੀ ਸਾਮਾਨ ਵੇਚਿਆ ਜਾਵੇਗਾ। ਜੇਕਰ ਕੋਈ ਵੀ ਦੁਕਾਨਦਾਰ ਜਾਂ ਵਪਾਰੀ ਰੇਟ ਲਿਸਟ ਤੋਂ ਵੱਧ ਮੁੱਲ ‘ਤੇ ਸਾਮਾਨ ਵੇਚਦਾ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।