ਅੰਮ੍ਰਿਤਸਰ: ਜਿਲ੍ਹਾ ਪ੍ਰਸਾਸ਼ਨ ਵੱਲੋਂ ਜਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਸ ਲੀਕ ਹੋਣ ਤੇ ਕਿਸ ਤਰ੍ਹਾਂ ਬਚਾਓ ਕੀਤਾ ਜਾਣਾ ਹੈ ਅਤੇ ਮਜਦੂਰਾਂ ਦੀਆਂ ਜਾਨਾਂ ਨੂੰ ਕਿਵੇਂ ਬਚਾਉਣਾ ਹੈ, ਸਬੰਧੀ ਖੰਨਾ ਪੇਪਰ ਮਿੱਲ ਵਿਖੇ ਐਨ.ਡੀ.ਆਰ.ਐਫ (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਦੇ ਸਹਿਯੋਗ ਨਾਲ ਮੌਕ ਡਰਿੱਲ ਕੀਤੀ ਗਈ। ਇਸ ਮੌਕ ਡਰਿੱਲ ਵਿੱਚ ਜਿਲ੍ਹਾ ਪ੍ਰਸਾਸ਼ਨ ਅਧਿਕਾਰੀਆਂ ਤੋਂ ਇਲਾਵਾ ਫਾਇਰ ਬ੍ਰਿਗੇਡ, ਪੁਲਿਸ ਪ੍ਰਸਾਸ਼ਨ, ਸਿਹਤ ਵਿਭਾਗ ਆਦਿ ਨੇ ਹਿੱਸਾ ਲਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ.ਡੀ.ਐਮ ਸ੍ਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਜਿਲ੍ਹੇ ਵਿੱਚ ਕਿਸੇ ਅਣਸੁਖਾਵੀਂ ਘਟਨਾ ਹੋਣ ਤੇ ਇਸ ਦੇ ਬਚਾਓ ਲਈ ਇਹ ਮੌਕ ਡਰਿੱਲ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਮੌਕ ਡਰਿੱਲ ਦਾ ਮੁੱਖ ਉਦੇਸ਼ ਫੈਕਟਰੀ ਵਿੱਚ ਕੰਮ ਕਰ ਰਹੇ, ਮਜਦੂਰਾਂ ਦੀ ਜਾਨ ਨੂੰ ਬਚਾਉਣਾ ਅਤੇ ਗੈਸ ਲੀਕੇਜ ਦੀ ਘਟਨਾ ਨੂੰ ਕਿਸੇ ਤਰ੍ਹਾਂ ਰੋਕਣਾ ਹੈ। ਉਨ੍ਹਾਂ ਦੱਸਿਆ ਕਿ ਮੌਕ ਡਰਿੱਲ ਵਿੱਚ ਸਭ ਤੋਂ ਪਹਿਲਾਂ ਫੈਕਟਰੀ ਵਿੱਚ ਗੈਸ ਲੀਕੇਜ ਨੂੰ ਰੋਕਣ ਲਈ ਕਿਸ ਤਰ੍ਹਾਂ ਦੇ ਉਪਕਰਨ ਮੌਜੂਦ ਹਨ ਅਤੇ ਫੈਕਟਰੀ ਕੋਲ ਮਜਦੂਰਾਂ ਦੀ ਜਾਨ ਬਚਾਉਣ ਲਈ ਹੋਰ ਕੀ ਸਾਧਨ ਹਨ ਬਾਰੇ ਵੀ ਜਾਣਕਾਰੀ ਲਈ ਗਈ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਤੇ ਪ੍ਰਸਾਸ਼ਨ ਵੱਲੋਂ ਸਭ ਤੋਂ ਪਹਿਲਾਂ ਫਾਇਰ ਬਿਗ੍ਰੇਡ ਅਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਨੇੜੇ ਦੇ ਸਕੂਲ ਵਿੱਚ ਰਾਹਤ ਕੈਂਪ ਸਥਾਪਤ ਕੀਤਾ ਜਾਂਦਾ ਹੈ।