ਅੰਮ੍ਰਿਤਸਰ: ਅਜਨਾਲਾ ਸਬ-ਡਿਵੀਜ਼ਨ ਦੇ ਪਿੰਡ ਤੇੜਾ ਖੁਰਦ ਦੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕਤਲ ਕਰਨ ਵਾਲੇ ਕਲਯੁਗੀ ਪਿਤਾ ਹਰਵੰਤ ਸਿੰਘ ਨੂੰ ਉਸ ਦੇ ਸਾਥੀਆਂ ਸਣੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਹਰਵੰਤ ਦੇ ਕਈ ਔਰਤਾਂ ਦੇ ਨਾਲ ਨਾਜਾਇਜ਼ ਸਬੰਧ ਸਨ ਜਿਸ ਕਾਰਨ ਉਸ ਦੇ ਜਵਾਨ ਬੱਚੇ ਤੇ ਪਤਨੀ ਉਸ ਨੂੰ ਰੋਕਦੀ ਸੀ। ਇਸ ਕਾਰਨ ਹੀ ਹਰਵੰਤ ਨੇ ਆਪਣੇ ਚਾਰ ਨਾਲ ਮਿਲ ਕੇ ਪਰਿਵਾਰ ਦਾ ਕਤਲ ਕਰਕੇ ਲਾਸ਼ਾਂ ਨਹਿਰ ਵਿੱਚ ਸੁੱਟ ਦਿੱਤੀਆਂ ਸੀ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਹੱਤਿਆਕਾਂਡ ਲਈ ਵਰਤੇ ਲੱਕੜ ਦੇ ਹਥਿਆਰ ਅਤੇ ਨਾਜਾਇਜ਼ ਪਿਸਤੌਲ ਵੀ ਬਰਾਮਦ ਕੀਤੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ. ਵਿਕਰਮਜੀਤ ਸਿੰਘ ਦੁੱਗਲ ਨੇ ਇਸ ਸਨਸਨੀ ਕਤਲ ਕਾਂਡ ਦਾ ਖੁਲਾਸਾ ਕਰਦਿਆਂ ਕਿਹਾ ਕਿ ਪੁਲਿਸ ਕੋਲ ਮੁਲਜ਼ਮ ਦੀ ਮ੍ਰਿਤਕ ਪਤਨੀ ਦਵਿੰਦਰ ਕੌਰ ਦੇ ਭਰਾ ਮੇਜਰ ਸਿੰਘ ਨੇ 18 ਜੂਨ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਅਤੇ ਤਿੰਨ ਬੱਚੇ 29 ਸਾਲਾ ਸ਼ਰਨਜੀਤ ਕੌਰ, 24 ਸਾਲਾ ਓਂਕਾਰ ਸਿੰਘ ਅਤੇ 21 ਸਾਲਾ ਲਵਰੂਪ ਸਿੰਘ ਦੋ ਦਿਨਾਂ ਤੋਂ ਨਹੀਂ ਮਿਲ ਰਹੇ ਸਨ ਤਾਂ ਪੁਲਿਸ ਨੇ ਥਾਣਾ ਝੰਡੇਰ ਦੇ ਵਿੱਚ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ।
ਜਾਂਚ ਦੌਰਾਨ ਸਭ ਤੋਂ ਪਹਿਲਾਂ ਅਜਨਾਲਾ ਨਹਿਰ ਵਿੱਚੋਂ ਦਵਿੰਦਰ ਕੌਰ ਦੀ ਲਾਸ਼ ਮਿਲੀ ਸੀ ਜਿਸ ਨੂੰ ਬੋਰੇ ਵਿੱਚ ਬੰਦ ਕਰਕੇ ਨਾਲ ਇੱਟਾਂ ਭਰ ਕੇ ਸੁੱਟਿਆ ਗਿਆ ਸੀ। ਪੁਲਿਸ ਨੇ ਨਹਿਰ ਦੀ ਹੋਰ ਜਾਂਚ ਪੜਤਾਲ ਕੀਤੀ ਤਾਂ ਪੁਲਿਸ ਨੂੰ ਬਾਕੀ ਪਰਿਵਾਰ ਦੀਆਂ ਲਾਸ਼ਾਂ ਵੀ ਉਸੇ ਹੀ ਨਹਿਰ ਚੋਂ ਮਿਲ ਗਈਆਂ। ਪੁਲਿਸ ਨੇ ਆਪਣੀ ਜਾਂਚ ਨੂੰ ਅੱਗੇ ਵਧਾਇਆ ਤਾਂ ਇਸ ਦੌਰਾਨ ਜੋ ਲਾਸ਼ ਨਾਲ ਬੰਦ ਬੋਰੀਆਂ ਵਿੱਚ ਇੱਟਾਂ ਪਈਆਂ ਸਨ ਉਹ ਹਰਵੰਤ ਸਿੰਘ ਦੇ ਘਰ ਪਸ਼ੂਆਂ ਦੀ ਇੱਕ ਖੁਰਲੀ ਦੇ ਵਿੱਚੋਂ ਕੱਢੀਆਂ ਇੱਟਾਂ ਨਾਲ ਮਿਲਦੀਆਂ ਸਨ। ਇਸ ਉੱਤੇ ਪੁਲਿਸ ਨੂੰ ਹਰਵੰਤ ਸਿੰਘ 'ਤੇ ਸ਼ੱਕ ਹੋਇਆ ਤਾਂ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਸਾਰੀ ਸੱਚਾਈ ਪੁਲਿਸ ਦੇ ਸਾਹਮਣੇ ਬਿਆਨ ਕਰ ਦਿੱਤੀ।
ਪੁਲਿਸ ਮੁਤਾਬਕ ਹਰਵੰਤ ਸਿੰਘ ਨੇ ਕਬੂਲ ਕੀਤਾ ਕਿ ਉਸ ਦੇ ਘਰ ਉਸ ਦੇ ਨਾਜਾਇਜ਼ ਸਬੰਧਾਂ ਕਾਰਨ ਕਲੇਸ਼ ਰਹਿੰਦਾ ਸੀ ਜਿਸ ਕਾਰਨ ਉਸ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਸਾਜ਼ਿਸ਼ ਤਹਿਤ ਚਾਰਾਂ ਮੁਲਜ਼ਮਾਂ ਨੇ ਚਾਰਾਂ ਹੀ ਮ੍ਰਿਤਕਾਂ 'ਤੇ ਇੱਕੋ ਵੇਲੇ ਵਾਰ ਕੀਤਾ ਤਾਂ ਕਿ ਕੋਈ ਉੱਠ ਨਾ ਸਕੇ ਤੇ ਰੋਲਾ ਨਾ ਪਾ ਸਕੇ।