ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ 'ਚ ਸਹੁੰ ਖਾਧੀ ਗਈ ਸੀ ਕਿ ਚਾਰ ਹਫ਼ਤਿਆਂ 'ਚ ਉਹ ਨਸ਼ੇ 'ਤੇ ਠੱਲ ਪਾਉਣਗੇ, ਜਿਸ ਨੂੰ ਲੈਕੇ ਸਿਆਸੀ ਪਾਰਟੀਆਂ ਵਲੋਂ ਨਸ਼ੇ ਦੇ ਮੁੱਦੇ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਆਮ ਆਦਮੀ ਪਾਰਟੀ 'ਚ ਨਵੇਂ ਸ਼ਾਮਲ ਹੋਏ ਰਾਜੀਵ ਭਗਤ 'ਤੇ ਐੱਨਡੀਪੀ ਐਕਟ ਦਾ ਪਰਚਾ ਕੀਤਾ ਗਿਆ। ਜਿਸ ਤੋਂ ਬਾਅਦ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਸ ਮੁੱਦੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਵਲਟੋਹਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ 'ਆਪ' ਆਗੂ ਰਾਜੀਵ ਭਗਤ 'ਤੇ ਮਾਮਲਾ ਦਰਜ ਹੋਇਆ, ਉਸਦੇ ਸਬੰਧ ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਸੀ। ਉਨ੍ਹਾਂ ਦਾ ਕਹਿਣਾ ਕਿ ਇਸ ਗੱਲ ਤੋਂ ਜੱਗ ਜਾਹਿਰ ਹੁੰਦਾ ਹੈ ਕਿ ਉਕਤ ਵਿਅਕਤੀ ਆਈ.ਜੀ ਦੀ ਕਾਰ ਦੀ ਵਰਤੋਂ ਨਸ਼ਾ ਤਸਕਰੀ ਲਈ ਕਰਦਾ ਸੀ। ਉਨ੍ਹਾਂ ਦਾ ਕਹਿਣਾ ਕਿ ਆਈ.ਜੀ ਦੀ ਕਾਰ ਨਾ ਮਿਲਣ ਕਾਰਨ ਹੀ ਰਾਜੀਵ ਭਗਤ ਫੜਿਆ ਗਿਆ ਅਤੇ ਉਸ 'ਤੇ ਮਾਮਲਾ ਦਰਜ ਹੋ ਗਿਆ।ਉਨ੍ਹਾਂ ਦਾ ਕਹਿਣਾ ਕਿ ਇਸ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਉਣੀ ਚਾਹੀਦੀ ਹੈ।