ਅੰਮ੍ਰਿਤਸਰ: ਲੋਹੜੀ ਦਾ ਤਿਉਹਾਰ ਆਉਣ ਵਾਲਾ ਹੈ ਜਿਸ ਨੂੰ ਲੈ ਕੇ ਬਜ਼ਾਰਾਂ ਚ ਰੌਣਕਾਂ ਲੱਗ ਗਈਆਂ ਹਨ। ਨਾਲ ਹੀ ਬਜ਼ਾਰਾਂ ਚ ਰੰਗ ਬਿਰੰਗੀਆਂ ਪਤੰਗਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਪਤੰਗਾਂ ਦੇ ਸ਼ੌਕੀਨਾਂ ਨੂੰ ਦੇਖਦੇ ਹੋਏ ਬਜ਼ਾਰ ’ਚ ਹਰ ਤਰ੍ਹਾਂ ਦੀਆਂ ਅਤੇ ਸਾਈਜ਼ਾਂ ਦੀਆਂ ਪਤੰਗਾਂ ਨੂੰ ਲਿਆਇਆ ਗਿਆ ਹੈ। ਲੋਕ ਪਤੰਗ ਖਰੀਦਣ ਦੇ ਲਈ ਬਾਜ਼ਾਰ ’ਚ ਆ ਰਹੇ ਹਨ।
'ਰੰਗ ਬਿਰੰਗੀਆਂ ਅਤੇ ਕਈ ਰੇਟਾਂ ਦੀ ਪਤੰਗਾਂ ਬਾਜ਼ਾਰ ਚ ਮੌਜੂਦ'
ਉੱਥੇ ਹੀ ਪਤੰਗਾਂ ਬਣਾਉਣ ਵਾਲੇ ਕਾਰੋਬਾਰੀ ਜਗਮੋਹਨ ਕਨੋਜੀਆ ਨੇ ਗੱਲਬਾਤ ਕਰਦੇ ਹੋਏ ਈਟੀਵੀ ਭਾਰਤ ਦੀ ਟੀਮ ਨੂੰ ਕਿਹਾ ਕਿ ਉਹ ਪਿਛਲੇ 35 ਸਾਲਾਂ ਤੋਂ ਇਸ ਕਾਰੋਬਾਰ ਦੇ ਨਾਲ ਜੁੜੇ ਹੋਏ ਹਨ। ਖ਼ਾਸ ਕਰਕੇ ਅੰਮ੍ਰਿਤਸਰ ਦੇ ਲੋਕ ਪਤੰਗਬਾਜ਼ੀ ਦੇ ਬਹੁਤ ਸ਼ੌਕੀਨ ਹਨ। ਇਸ ਸਮੇਂ ਪਤੰਗ ਪੰਜ ਰੁਪਏ ਤੋਂ ਲੈ ਕੇ 150 ਰੁਪਏ ਤੱਕ ਬਾਜ਼ਾਰ ਵਿੱਚ ਵਿਕ ਰਹੀ ਹੈ।
'ਚਾਈਨਾ ਡੋਰ ’ਤੇ ਲਗਾਈ ਜਾਵੇ ਪਾਬੰਦੀ'
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਵੱਖ-ਵੱਖ ਰੇਟਾਂ ਦੀਆਂ ਪਤੰਗਾਂ ਮੌਜੂਦ ਹਨ, ਪਰ ਪਹਿਲਾਂ ਲੋਕ ਧਾਗੇ ਦੀ ਡੋਰ ਨਾਲ ਪਤੰਗ ਉਡਾਉਂਦੇ ਸੀ ਤੇ ਦੂਰ-ਦੂਰ ਤੱਕ ਪੇਚੇ ਚੱਲਦੇ ਸੀ ਉਹ ਨਜ਼ਾਰਾ ਵੇਖਣ ਵਾਲਾ ਹੁੰਦਾ ਸੀ ਪਰ ਜਦੋਂ ਦੀ ਚਾਈਨਾ ਡੋਰ ਆਈ ਹੈ ਉਸਨੇ ਕਾਰੋਬਾਰ ਨੂੰ ਗ੍ਰਹਿਣ ਲਾ ਕੇ ਰੱਖ ਦਿੱਤਾ ਹੈ। ਇਸ ਨਾਲ ਲੋਕਾਂ ਨੂੰ ਤਾਂ ਨੁਕਸਾਨ ਹੁੰਦਾ ਹੀ ਹੈ ਖ਼ਾਸ ਕਰਕੇ ਜਿਹੜੇ ਪੰਛੀ ਅਸਮਾਨ ਚ ਉੱਡਦੇ ਹਨ ਉਨ੍ਹਾਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ। ਇਹ ਡੋਰ ਬਹੁਤ ਹੀ ਘਾਤਕ ਹੈ ਅਤੇ ਜਾਨਲੇਵਾ ਡੋਰ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਚਾਈਨਾ ਡੋਰ ’ਤੇ ਪਾਬੰਦੀ ਲਗਾਈ ਜਾਵੇ।
'ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਪਤੰਗਬਾਜ਼ੀ ਦੇ ਸ਼ੌਕੀਨ'
ਉੱਥੇ ਹੀ ਦੂਜੇ ਪਾਸੇ ਦੁਕਾਨ ’ਤੇ ਆਏ ਹੋਏ ਗਾਹਕਾਂ ਦਾ ਕਹਿਣਾ ਹੈ ਕਿ ਕੁਝ ਹੀ ਤਿਉਹਾਰ ਹਨ ਜੋ ਪੰਜਾਬੀ ਬੜੀ ਖੁਸ਼ੀ ਅਤੇ ਧੂਮਧਾਮ ਨਾਲ ਮਨਾਉਂਦੇ ਹਨ। ਉਨ੍ਹਾਂ ਵਿੱਚ ਲੋਹੜੀ ਤਿਉਹਾਰ ਵੀ ਇੱਕ ਖ਼ਾਸ ਤਿਉਹਾਰ ਹੈ ਇਸ ਤਿਉਹਾਰ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਹਨ। ਪਰ ਚਾਈਨਾ ਡੋਰ ਜੋ ਕਾਫੀ ਸਾਲਾਂ ਤੋਂ ਭਾਰਤ ਦੇਸ਼ ਵਿੱਚ ਆਈ ਹੈ ਅਤੇ ਉਸ ਦੇ ਕਾਰਨ ਕਈ ਪੰਛੀ ਅਤੇ ਲੋਕ ਵੀ ਜ਼ਖ਼ਮੀ ਹੋਏ ਹਨ। ਕਈਆਂ ਦੀਆਂ ਜਾਨਾਂ ਤੱਕ ਚੱਲੀ ਗਈ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ’ਤੇ ਨੱਥ ਪਾਉਣ। ਨਾਲ ਹੀ ਲੋਕਾਂ ਨੂੰ ਵੀ ਧਾਗੇ ਦੀ ਡੋਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਇਹ ਵੀ ਪੜੋ:ਮੰਦਿਰ ਦੇ ਪੁਜਾਰੀ ’ਤੇ ਹਮਲਾ !