ਅੰਮ੍ਰਿਤਸਰ: ਜ਼ਿਲ੍ਹੇ ਦੇ ਦਿਹਾਤੀ ਅਧੀਨ ਪੈਂਦੇ ਥਾਣਾ ਬਿਆਸ ਖੇਤਰ ਦੇ ਪਿੰਡ ਕਰਤਾਰਪੁਰ ਤੋਂ ਕਰੀਬ 6 ਮਹੀਨੇ ਪਹਿਲਾਂ ਅਗਵਾ ਹੋਏ 13 ਸਾਲਾ ਨਾਬਾਲਗ ਬੱਚੇ ਨੂੰ ਬਿਆਸ ਪੁਲਿਸ ਨੇ ਕਾਫੀ ਮਿਹਨਤ ਮੁਸ਼ੱਕਤ ਤੋਂ ਬਾਅਦ ਜਲੰਧਰ ਤੋਂ ਬਰਾਮਦ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਬੱਚੇ ਨੂੰ ਸਹੀ ਸਲਾਮਤ ਮਾਪਿਆੰ ਦੇ ਹਵਾਲੇ ਕਰ ਦਿੱਤਾ ਹੈ।
ਇਸ ਮੌਕੇ ਬੱਚੇ ਦੀ ਮਾਤਾ ਕੁਲਦੀਪ ਕੌਰ ਅਤੇ ਪਿਤਾ ਲਖਵਿੰਦਰ ਸਿੰਘ ਨੇ ਬਿਆਸ ਪੁਲਿਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੁਲਿਸ ਵਲੋਂ ਉਨ੍ਹਾਂ ਦੇ ਬੱਚੇ ਨੂੰ ਲੱਭਣ ਲਈ ਕਾਫੀ ਮਿਹਨਤ ਕੀਤੀ ਹੈ ਅਤੇ ਅੱਜ ਉਹ ਕਾਮਯਾਬ ਹੋ ਗਏ ਹਨ ਜਿਸ ਲਈ ਉਹ ਪੁਲਿਸ ਦੇ ਦਿਲੋਂ ਧੰਨਵਾਦੀ ਹਨ ਅਤੇ ਅਗਵਾ ਮਾਮਲੇ ਵਿਚ ਸ਼ਾਮਲ ਕਥਿਤ ਮੁਲਜ਼ਮ ’ਤੇ ਕਾਰਵਾਈ ਦੀ ਮੰਗ ਕਰਦੇ ਹਨ।
6 ਮਹੀਨੇ ਪਹਿਲਾਂ ਅਗਵਾ ਹੋਇਆ ਬੱਚਾ ਜਲੰਧਰ ਤੋਂ ਬਰਾਮਦ ਦੂਜੇ ਪਾਸੇ ਮਾਮਲੇ ਸਬੰਧੀ ਐਸਐਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਪਿੰਡ ਕਰਤਾਰਪੁਰ ਦੇ ਰਹਿਣ ਵਾਲੇ 13 ਸਾਲਾਂ ਨਬਾਲਿਗ ਲੜਕੇ ਵੰਸ਼ਰੂਪ ਸਿੰਘ ਦੇ ਅਗਵਾ ਹੋਣ ਦਾ ਮਾਮਲਾ ਉਸਦੀ ਮਾਤਾ ਕੁਲਦੀਪ ਕੌਰ ਵੱਲੋਂ ਦਰਜ ਕਰਵਾਇਆ ਗਿਆ ਸੀ। ਪੁਲਿਸ ਨੂੰ ਕੁਲਦੀਪ ਕੌਰ ਨੇ ਦੱਸਿਆ ਕਿ 24 ਦਸੰਬਰ 2021 ਨੂੰ ਉਸਦੇ ਦੋਹਤੇ ਕਥਿਤ ਮੁਲਜ਼ਮ ਸੁਖਵਿੰਦਰ ਸਿੰਘ ਵਾਸੀ ਵਡਾਲਾ ਗ੍ਰੰਥੀਆਂ ਨੇ ਆਪਣੇ ਇੱਕ ਹੋਰ ਸਾਥੀ ਸਮੇਤ ਪਿੰਡ ਕਰਤਾਰਪੁਰ ਤੋਂ ਉਨ੍ਹਾਂ ਦੇ ਲੜਕੇ ਵੰਸ਼ਰੂਪ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਅਤੇ ਸਕੂਟੀ 'ਤੇ ਬਿਠਾ ਕੇ ਲੈ ਗਏ। ਇਸ ਸਬੰਧੀ ਅਗਵਾ ਹੋਏ ਲੜਕੇ ਦੀ ਮਾਂ ਨੇ ਆਪਣੀ ਭਰਜਾਈ ਅਤੇ ਉਸ ਦੇ ਪਤੀ ਨੂੰ ਬੱਚੇ ਦੇ ਅਗਵਾ ਹੋਣ ਬਾਰੇ ਦੱਸਿਆ ਪਰ ਉਨ੍ਹਾਂ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ।
ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਬੀਤੀ 15 ਜੂਨ ਨੂੰ ਬਾਅਦ ਦੁਪਹਿਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਗਵਾ ਹੋਇਆ ਲੜਕਾ ਜਲੰਧਰ ਸ਼ਹਿਰ ਦੇ ਇਲਾਕੇ 'ਚ ਸਥਿਤ ਇਕ ਢਾਬੇ 'ਤੇ ਮੌਜੂਦ ਹੈ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਪਾਰਟੀ ਸਣੇ ਜਲੰਧਰ ਬਸਤੀ ਬਾਵਾ ਖੇਲ ਉਕਤ ਢਾਬੇ ’ਤੇ ਪਹੁੰਚੇ ਅਤੇ ਨਬਾਲਿਗ ਲੜਕੇ ਨੂੰ ਬਰਾਮਦ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਗਵਾਸ਼ੁਦਾ ਬੱਚੇ ਨੂੰ ਬਰਾਮਦ ਕਰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਸ ਅਗਵਾ ਮਾਮਲੇ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।
ਇਹ ਵੀ ਪੜੋ:ਗਲਤ ਜਗ੍ਹਾ 'ਤੇ ਖੜੀ ਕਾਰ ਦੀ ਫੋਟੋ ਭੇਜਣ 'ਤੇ ਮਿਲਣਗੇ 500 ਰੁਪਏ, ਜਾਣੋ ਨਵਾਂ ਪਲਾਨ