ਅੰਮ੍ਰਿਤਸਰ : ਪਾਕਿਸਤਾਨ 'ਚ ਕਬੱਡੀ ਟੂਰਨਾਮੈਂਟ ਖੇਡਣ ਗਈ ਭਾਰਤੀ ਕਬੱਡੀ ਟੀਮ ਅੱਜ ਮੁੜ ਵਾਹਘਾ ਦੀ ਅਟਾਰੀ ਸਰਹੱਦ ਰਾਹੀਂ ਭਾਰਤ ਵਾਪਸ ਮੁੜੀ। ਇਸ ਦੌਰਾਨ ਭਾਰਤੀ ਕਬੱਡੀ ਟੀਮ ਦੇ ਮੈਨੇਜਰ ਨੇ ਇਸ ਦੌਰੇ ਨੂੰ ਖਿਡਾਰੀਆਂ ਦਾ ਨਿੱਜੀ ਦੌਰਾ ਦੱਸਿਆ।
ਦੱਸਣਯੋਗ ਹੈ ਕਿ ਭਾਰਤੀ ਕਬੱਡੀ ਟੀਮ ਉਸ ਵੇਲੇ ਵਿਵਾਦਾਂ 'ਚ ਘਿਰ ਗਈ, ਜਿਸ ਵੇਲੇ ਸੋਸ਼ਲ ਮੀਡੀਆ ਉੱਤੇ ਭਾਰਤੀ ਟੀਮ ਦੀਆਂ ਤਸਵੀਰਾਂ ਵਾਇਰਲ ਹੋਈਆਂ। ਇੱਕ ਪਾਸੇ ਭਾਰਤੀ ਟੀਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸਨ ਤੇ ਦੂਜੇ ਪਾਸੇ ਪੰਜਾਬ ਸਰਕਾਰ ਤੇ ਖੇਡ ਫੈਡਰੇਸ਼ਨ ਵੱਲੋਂ ਭਾਰਤੀ ਟੀਮ ਨੂੰ ਪਾਕਿਸਤਾਨ ਜਾਣ ਲਈ ਇਜਾਜ਼ਤ ਦਿੱਤੇ ਜਾਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਗਿਆ।
ਮੁੜ ਭਾਰਤ ਵਾਪਸ ਆਉਣ 'ਤੇ ਭਾਰਤੀ ਕਬੱਡੀ ਟੀਮ ਦੇ ਮੈਨੇਜਰ ਦਵਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਸੀ। ਇਸ ਟੂਰਨਾਮੈਂਟ ਲਈ ਜਾਣ ਵਾਲੀ ਭਾਰਤੀ ਟੀਮ 'ਚ ਕਈ ਫੈਡਰੇਸ਼ਨਾਂ ਦੇ ਖਿਡਾਰੀ ਸ਼ਾਮਲ ਸਨ। ਇਹ ਦੌਰਾ ਖਿਡਾਰੀਆਂ ਦਾ ਨਿੱਜੀ ਦੌਰਾ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਵਿਵਾਦ ਖੜ੍ਹਾ ਕਰਨਾ ਸਹੀ ਨਹੀਂ ਹੈ।
ਪਾਕਿਸਤਾਨ ਦੇ ਪੀਐਮ ਨੇ ਕੀਤਾ ਟਵੀਟ
ਕੇਂਦਰੀ ਸਰਕਾਰ ਤੇ ਪੰਜਾਬ ਸਰਕਾਰ ਦੀ ਇਜਾਜ਼ਤ ਤੋਂ ਬਿਨ੍ਹਾਂ ਪਾਕਿਸਤਾਨ ਗਈ ਭਾਰਤੀ ਕਬੱਡੀ ਟੀਮ ਨੂੰ ਉਥੇ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ 'ਚ ਕਬੱਡੀ ਟੂਰਨਾਮੈਂਟ 'ਚ ਭਾਰਤੀ ਟੀਮ ਪਾਕਿਸਤਾਨ ਕੋਲੋਂ ਫਾਈਨਲ ਮੈਚ ਹਾਰ ਗਈ। ਇਸ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਟਵੀਟ ਸਾਂਝਾ ਕੀਤਾ ਹੈ।