ਅੰਮ੍ਰਿਤਸਰ: ਸੂਬੇ ’ਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਹੀ ਉਸਦੇ ਵਿਧਾਇਕ ਸੁਰਖੀਆਂ ਵਿੱਚ ਨਜ਼ਰ ਆ ਰਹੇ ਹਨ। ਇਕ ਪਾਸੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਕਈ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜੋ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸਵਾਲ ਖੜੇ ਕਰ ਰਹੇ ਹਨ।
ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣਾ ਆਇਆ ਹੈ। ਦੱਸ ਦਈਏ ਕਿ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸੰਧੂ ਦੇ ਭਰਾ ਵੱਲੋਂ ਰਾਜਸੀ ਕੰਮਾਂ ਵਿੱਚ ਦਖਲਅੰਦਾਜ਼ੀ ਕਰ ਇੱਕ ਮਹੀਲਾ ਜੇਈ ਨੂੰ ਬਦਲੀ ਕਰਵਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਦੀ ਆਡੀਓ ਵੀ ਵਾਇਰਲ ਹੋਈ ਹੈ। ਉੱਥੇ ਹੀ ਦੂਜੇ ਪਾਸੇ ਮਹਿਲਾ ਅਧਿਕਾਰੀ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਹੈ।
ਇਸ ਸਬੰਧੀ ਜੇਈ ਅਵਨੀਤ ਕੌਰ ਨੇ ਦੱਸਿਆ ਕਿ ਸਾਹਿਬ ਸਿੰਘ ਨਾਮਕ ਇਕ ਵਿਅਕਤੀ ਨੇ ਉਨ੍ਹਾਂ ਦੇ ਦਫ਼ਤਰ ਵਿੱਚ ਮੀਟਰ ਅਪਲਾਈ ਕੀਤਾ ਸੀ ਜੋ ਕਿ ਸਨਿਓਰਟੀ ਦੇ ਹਿਸਾਬ ਨਾਲ ਲਗਾਇਆ ਜਾਂਦਾ ਹੈ ਪਰ ਸਾਹ ਸਿੰਘ ਉਨ੍ਹਾਂ ਨੂੰ ਵਾਰ-ਵਾਰ ਮੀਟਰ ਲਗਾਉਣ ਲਈ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਦਫਤਰ ਦੇ ਅਸੂਲਾਂ ’ਤੇ ਚੱਲਦੇ ਹੋਏ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਹੀ ਹੈ ਅਤੇ ਜਦੋਂ ਵੀ ਸਨਿਓਰਟੀ ਆਵੇਗੀ ਸਾਹਿਬ ਸਿੰਘ ਦਾ ਮੀਟਰ ਲਗਾ ਦਿੱਤਾ ਜਾਵੇਗਾ।