ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖ਼ਾਲਿਸਤਾਨ ਦੀ ਮੰਗ ਵਾਲਾ ਬਿਆਨ ਮੀਡੀਆ ਨੂੰ ਦਿੱਤਾ ਸੀ। ਇਸ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਕਿਸਮ ਦੀ ਚਰਚਾ ਛੇੜ ਦਿੱਤੀ ਹੈ। ਇਸੇ ਦਰਮਿਆਨ ਜਥੇਦਾਰ ਹਰਪ੍ਰੀਤ ਸਿੰਘ 14 ਜੂਨ ਨੂੰ ਆਪਣੇ ਪਹਿਲਾਂ ਵਾਲੇ ਬਿਆਨ ਤੋਂ ਪਾਸਾ ਵੱਟ ਦੇ ਵਿਖਾਈ ਦੇ ਰਹੇ ਹਨ। ਇਸ ਨੂੰ ਲੈ ਕੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਐਡਵੋਕੇਟ ਜਸਵੀਰ ਸਿੰਘ ਘੁੰਮਣ ਨੇ ਕਿਹਾ ਹੈ ਕਿ ਜਥੇਦਾਰ ਨੂੰ ਆਪਣੇ ਪਹਿਲਾ ਵਾਲੇ ਬਿਆਨ 'ਤੇ ਕਾਇਮ ਰਹਿਣਾ ਚਾਹੀਦਾ ਹੈ।
ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਐਡਵੋਕੇਟ ਜਸਵੀਰ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਬਹੁਤ ਉੱਚਾ ਹੁੰਦਾ ਹੈ ਤੇ ਉਨ੍ਹਾਂ ਦੇ ਮੂੰਹ ਵਿੱਚੋਂ ਨਿਕਲੀ ਗੱਲ ਸਿੱਖ ਕੌਮ ਲਈ ਇਲਾਹੀ ਹੁਕਮ ਹੁੰਦੀ ਹੈ ਪਰ ਅੱਜ ਰਾਜਸੀ ਦਖ਼ਲਅੰਦਾਜ਼ੀ ਕਰਕੇ ਜਥੇਦਾਰਾਂ ਦਾ ਉਹ ਪ੍ਰਭਾਵ ਨਹੀਂ ਰਿਹਾ ਤੇ ਉਹ ਆਪਣੀ ਯੋਗਤਾ ਗੁਆ ਚੁੱਕੇ ਹਨ। ਐਡਵੋਕੇਟ ਘੁੰਮਣ ਨੇ ਕਿਹਾ ਕਿ ਜਥੇਦਾਰ ਵੱਲੋਂ ਖ਼ਾਲਿਸਤਾਨ ਬਾਰੇ ਦਿੱਤਾ ਬਿਆਨ ਬਹੁਤ ਵਧੀਆ ਬਿਆਨ ਸੀ।
ਉਨ੍ਹਾਂ ਅੱਗੇ ਕਿਹਾ ਕਿ ਕਿਉਂਕਿ ਸਿੱਖ ਕੌਮ ਪਿਛਲੇ ਲੰਮੇ ਸਮੇਂ ਤੋਂ ਖ਼ਾਲਿਸਤਾਨ ਲਈ ਜੂਝ ਰਹੀ ਹੈ, ਇਸ ਲਈ ਸਿੱਖਾਂ ਨੂੰ ਲੱਗਿਆ ਕਿ ਜਥੇਦਾਰ ਦਾ ਬਿਆਨ ਆਖਰੀ ਮੋਹਰ ਹੋਵੇਗਾ ਅਤੇ ਗਿਆਨੀ ਹਰਪ੍ਰੀਤ ਸਿੰਘ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਜਥੇਦਾਰ ਵੱਲੋਂ ਆਪਣੇ ਬਿਆਨ ਤੋਂ ਪਲਟਣਾ ਨਮੋਸ਼ੀ ਵਾਲੀ ਗੱਲ ਹੈ, ਸਿੰਘ ਸਾਹਿਬ ਨੂੰ ਮੁੱਕਰਨਾ ਨਹੀਂ ਚਾਹੀਦਾ ਸੀ।
ਜਥੇਦਾਰ ਹਰਪ੍ਰੀਤ ਸਿੰਘ ਦੇ ਨਵੇਂ ਬਿਆਨ ਪਿੱਛੇ ਉਨ੍ਹਾਂ ਰਾਜਸੀ ਦਖ਼ਲਅੰਦਾਜ਼ੀ ਨੂੰ ਕਾਰਨ ਦੱਸਿਆ ਹੈ। ਘੁੰਮਣ ਹੁਰਾਂ ਆਖਿਆ ਕਿ ਕੇਂਦਰ ਸਰਕਾਰ ਵਿੱਚ ਅਕਾਲੀ ਦਲ ਦੀ ਭਾਈਵਾਲੀ ਕਾਰਨ ਹੀ ਜਥੇਦਾਰ ਨੇ ਆਪਣੇ ਬਿਆਨ ਤੋਂ ਪਾਸਾ ਵੱਟਿਆ ਹੈ।
ਤੁਹਾਨੂੰ ਦੱਸ ਦਈਏ ਕਿ 14 ਜੂਨ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਖ਼ਾਲਿਸਤਾਨ ਵਾਲੇ ਬਿਆਨ ਸਬੰਧੀ ਇੱਕ ਸੱਜਰਾ ਬਿਆਨ ਜਾਰੀ ਕੀਤਾ ਸੀ। ਇਸ ਬਿਆਨ ਵਿੱਚ ਜਥੇਦਾਰ ਨੇ ਆਖਿਆ ਸੀ ਕਿ ਬਹੁਤ ਸਾਰੀਆਂ ਏਜੰਸੀਆਂ ਉਨ੍ਹਾਂ ਦੇ ਸਹੀ ਬਿਆਨ ਦਾ ਗਲਤ ਮਤਲਬ ਕੱਢ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੀਆਂ ਹੋਈਆਂ ਹਨ। ਅਜਿਹੀਆਂ ਤਾਕਤਾਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸਿੱਖਾਂ ਨੂੰ ਅੱਤਵਾਦ ਦੇ ਰਾਹ 'ਤੇ ਤੌਰਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਸਿੱਖਾਂ ਨੂੰ ਭੜਕਾ ਰਹੀਆਂ ਹਨ।