ਅੰਮ੍ਰਿਤਸਰ:ਸਿੱਖਾਂ ਦੀ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਸ਼ਰਧਾਲੂਆਂ ਦੇ ਰਹਿਣ ਲਈ ਐੱਸਜੀਪੀਸੀ ਵੱਲੋਂ ਸਰਾਵਾਂ ਵੀ ਬਣਾਈਆਂ ਜਾ ਰਹੀਆਂ ਹਨ। ਜਿਸ ਦੇ ਚੱਲਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਨੂੰ ਸਮਰਪਿਤ ਐੱਸਜੀਪੀਸੀ ਅਤੇ ਕਾਰਸੇਵਾ ਭੂਰੀ ਵਾਲਿਆਂ ਵੱਲੋਂ ਨਵੀਂ ਸਰਾਂ ਸ੍ਰੀ ਗੁਰੂ ਤੇਗ ਬਹਾਦਰ ਸਰਾਂ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਆਉਂਦੇ ਹਨ ਅਤੇ ਉਨ੍ਹਾਂ ਦੇ ਰੁਕਣ ਲਈ ਜੋ ਸਰਾਵਾਂ ਹਨ ਉਹ ਘੱਟ ਪੈ ਰਹੀਆਂ ਹਨ। ਜਿਸ ਦੇ ਚਲਦੇ ਉਨ੍ਹਾਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਨਵੀਂ ਸਰਾਂ ਅੰਮ੍ਰਿਤਸਰ ਘਿਉ ਮੰਡੀ ਨਜ਼ਦੀਕ ਬਣਾਈ ਜਾ ਰਹੀ ਹੈ।
ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ 'ਕਾਂਗਰਸ ਨਹੀਂ ਸਿੱਖਾਂ ਦੀ ਹਮਦਰਦ'
ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਰਾਂ ਸੱਤ ਮੰਜ਼ਿਲਾ ਦੀ ਹੋਵੇਗੀ ਅਤੇ ਇੱਥੇ ਕਾਰ ਪਾਰਕਿੰਗ ਤੋਂ ਲੈ ਕੇ ਸੰਗਤ ਦੀ ਹਰੇਕ ਸਹੂਲਤ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵੰਬਰ 1984 ਵਿੱਚ ਦਿੱਲੀ ਸਿੱਖ ਕਤਲੇਆਮ ਚ ਸ਼ਹੀਦ ਹੋਏ ਸ਼ਹੀਦਾਂ ਨੂੰ ਵੀ ਸਾਡੇ ਵੱਲੋਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਕਾਂਗਰਸ ਕਦੀ ਵੀ ਸਿੱਖਾਂ ਦੀ ਹਮਦਰਦ ਨਹੀਂ ਬਣ ਸਕਦੀ। ਨਵੰਬਰ ਮਹੀਨਾ ਆਉਂਦਿਆਂ ਹੀ ਇੱਕ ਵਾਰ ਫਿਰ ਕਾਂਗਰਸ ਪਾਰਟੀ ਵਲੋਂ ਜਗਦੀਸ਼ ਟਾਈਟਲਰ ਨੂੰ ਵੱਡੇ ਅਹੁਦੇ ’ਤੇ ਬਿਰਾਜਿਆ ਗਿਆ ਜੋ ਕਿ ਬਹੁਤ ਹੀ ਨਿੰਦਣਯੋਗ ਹੈ।
'ਇੱਕ ਸਾਲ ’ਚ ਤਿਆਰ ਕਰ ਦਿੱਤੀ ਜਾਵੇਗੀ ਸਰਾਂ'
ਉੱਥੇ ਹੀ ਦੂਜੇ ਪਾਸੇ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਦਾ ਕਹਿਣਾ ਹੈ ਕਿ ਇਹ ਸਰਾਂ ਬਣਾਉਣ ਦੀ ਸੇਵਾ ਐੱਸਜੀਪੀਸੀ ਨੇ ਉਨ੍ਹਾਂ ਨੂੰ ਸੌਂਪੀ ਹੈ ਅਤੇ ਕਰੀਬ ਇਕ ਸਾਲ ਦੇ ਵਿਚ ਉਨ੍ਹਾਂ ਵੱਲੋਂ ਸਰਾਂ ਬਣਾ ਦਿੱਤੀ ਜਾਵੇਗੀ ਅਤੇ ਕੁਝ ਕਮਰੇ ਪਹਿਲਾਂ ਤਿਆਰ ਕਰ ਦਿੱਤੇ ਜਾਣਗੇ ਜਿਸ ਵਿੱਚ ਸੰਗਤ ਆ ਕੇ ਰੁਕ ਸਕੇਗੀ ਅਤੇ ਨਾਲ-ਨਾਲ ਬਾਕੀ ਕੰਮ ਚੱਲਦਾ ਰਹੇਗਾ।
ਇਹ ਵੀ ਪੜੋ:ਹਰੀਸ਼ ਰਾਵਤ ਨੂੰ ਮਿਲਣ ਪੁੱਜੇ ਪੰਜਾਬ ਦੇ ਸੀਐਮ ਚੰਨੀ ਤੇ ਨਵਜੋਤ ਸਿੰਘ ਸਿੱਧੂ