ਅੰਮ੍ਰਿਤਸਰ : ਪੰਜਾਬ ਸਰਕਾਰ ਵਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਨਸ਼ੇ ਦਾ ਲੱਕ ਤੋੜਨ ਦੀ ਗੱਲ ਕੀਤੀ ਗਈ ਸੀ। ਬਾਵਜੂਦ ਇਸ ਦੇ ਸੂਬੇ 'ਚ ਕਈ ਨਸ਼ੇ ਦੇ ਮਾਮਲੇ ਸਾਹਮਣੇ ਵੀ ਆਏ ਹਨ। ਇਸ ਨਸ਼ੇ ਦੇ ਦੈਂਤ ਨੇ ਕਈ ਨੌਜਵਾਨਾਂ ਦੀ ਜਿੰਦਗੀ ਬਰਬਾਦ ਕੀਤੀ ਹੈ ਅਤੇ ਕਈ ਮੌਤ ਦੇ ਮੂੰਹ 'ਚ ਚਲੇ ਗਏ ਹਨ। ਇਸ ਦੇ ਚੱਲਦਿਆਂ ਅੰਮ੍ਰਿਤਸਰ ਦੇ ਹਲਕਾ ਦੱਖਣੀ 'ਚ ਵੀ ਨਸ਼ੇੜੀਆਂ ਵਲੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਸਾਹਮਣੇ ਬਣੇ ਬੁਲਾਰੀਆ ਪਾਰਕ ਨੂੰ ਆਪਣਾ ਅੱਡਾ ਬਣਾਇਆ ਗਿਆ ਹੈ। ਨਸ਼ੈ ਦੇ ਆਦੀ ਨੌਜਵਾਨ ਪਾਰਕ 'ਚ ਆ ਕੇ ਨਸ਼ਾ ਕਰਦੇ ਹਨ।
ਇਸ ਸਬੰਧੀ ਜਦੋਂ ਸਾਡੀ ਟੀਮ ਵਲੋਂ ਬੁਲਾਰੀਆ ਪਾਰਕ ਦਾ ਦੌਰਾ ਕੀਤਾ ਗਿਆ ਤਾਂ ਉਸ ਸਮੇਂ ਵੀ ਚਾਰ ਨੌਜਵਾਨ ਨਸ਼ਾ ਕਰ ਰਹੇ ਸਨ, ਪਰ ਕੈਮਰਾ ਦੇਖਦਿਆਂ ਹੀ ਉਕਤ ਨੌਜਵਾਨਾਂ 'ਚੋਂ ਤਿੰਨ ਮੌਕੇ ਤੋਂ ਭੱਜ ਨਿਕਲੇ, ਜਦਕਿ ਇੱਕ ਨੌਜਵਾਨ ਨਸ਼ੇ 'ਚ ਧੁੱਤ ਹੋ ਕੇ ਉਥੇ ਹੀ ਡਿੱਗ ਗਿਆ। ਇਸ ਦੇ ਨਾਲ ਹੀ ਕਈ ਟੀਕੇ ਵੀ ਪਾਰਕ 'ਚ ਡਿੱਗੇ ਹੋਏ ਮਿਲੇ।
ਇਸ ਸਬੰਧੀ ਸਥਾਨਕ ਲੋਕਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਾਰਕ ਤੋਂ ਕੁਝ ਦੂਰੀ 'ਤੇ ਸੀ.ਆਈ.ਏ ਸਟਾਫ਼ ਦਾ ਦਫ਼ਤਰ ਹੈ ਨਾਲ ਹੀ ਪੁਲਿਸ ਥਾਣਾ ਵੀ ਹੈ, ਪਰ ਉਨ੍ਹਾਂ ਵਲੋਂ ਇਸ ਮਾਮਲੇ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦਾ ਕਹਿਣਾ ਕਿ ਅਕਸਰ ਨੌਜਵਾਨ ਇਸ ਪਾਰਕ 'ਚ ਬੈਠ ਕੇ ਨਸ਼ਾ ਕਰਦੇ ਹਨ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਸ਼ਾ ਖ਼ਤਮ ਕਰਨ ਦੀ ਗੱਲ ਕੀਤੀ ਗਈ ਸੀ ਪਰ ਬਾਵਜੂਦ ਇਸ ਦੇ ਅੰਮ੍ਰਿਤਸਰ 'ਚ ਨੌਜਵਾਨ ਨਸ਼ਾ ਕਰ ਰਹੇ ਹਨ ਅਤੇ ਨਸ਼ਾ ਵਿਕ ਵੀ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।