ਅੰਮ੍ਰਿਤਸਰ :ਅੱਜ ਸਿੱਖਾਂ ਦੇ ਅੱਠਵੇਂ ਗੁਰੂ ਸ੍ਰੀ ਹਰਿਕ੍ਰਿ੍ਸ਼ਨ ਜੀ (Guru Sri Harikrishan Sahib ji) ਦਾ ਗੁਰਤਾ ਗੱਦੀ ਦਿਵਸ (Gurta Gaddi diwas) ਬੜੀ ਹੀ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜ ਰਹੀ ਹੈ।
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖਾਂ ਦੇ ਅੱਠਵੇਂ ਗੁਰੂ ਤੇ ਸਭ ਤੋਂ ਘੱਟ ਉਮਰ ਦੇ ਗੁਰੂ ਸਨ। ਸੰਗਤ ਉਨ੍ਹਾਂ 'ਬਾਲਾ ਪੀਰ' ਦੇ ਨਾਂਅ ਨਾਲ ਵੀ ਜਾਣਦੀ ਹੈ। ਗੁਰੂ ਜੀ ਨੇ ਆਪਣਾ ਜੀਵਨ ਗਰੀਬਾਂ, ਲੋੜਵੰਦਾਂ ਤੇ ਬਿਮਾਰ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਸਿੱਖਾਂ ਦੇ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ 17 ਜੁਲਾਈ 1656 ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਸਿੱਖਾਂ ਦੇ ਸੱਤਵੇਂ ਗੁਰੂ, ਗੁਰੂ ਹਰਿ ਰਾਏ ਜੀ ਸਨ ਤੇ ਉਨ੍ਹਾਂ ਦੀ ਮਾਤਾ ਦਾ ਨਾਂਅ ਕਿਸ਼ਨ ਕੌਰ ਸੀ।
ਨਿੱਕੀ ਉਮਰੇ ਅਧਿਆਤਮਿਕ ਗਿਆਨ
ਗੁਰੂ ਹਰਿਕ੍ਰਿਸ਼ਨ ਜੀ ਬਚਪਨ ਤੋਂ ਹੀ ਬੇਹਦ ਗੰਭੀਰ ਅਤੇ ਸਹਿਣਸ਼ੀਲ ਸੁਭਾਅ ਦੇ ਸਨ। ਮਹਿਜ਼ 5 ਸਾਲ ਦੀ ਉਮਰ ਵਿੱਚ ਹੀ ਉਹ ਲੰਬੇ ਸਮੇਂ ਤੱਕ ਅਧਿਆਤਮਿਕ ਅਭਿਆਸ ਵਿੱਚ ਲੀਨ ਰਹਿੰਦੇ ਸੀ। ਉਨ੍ਹਾਂ ਦੇ ਪਿਤਾ ਅਕਸਰ ਹਰਿਕ੍ਰਿਸ਼ਨ ਜੀ ਦੇ ਵੱਡੇ ਭਰਾ ਰਾਮ ਰਾਏ ਅਤੇ ਉਨ੍ਹਾਂ ਦੇ ਔਖੇ ਇਮਤਿਹਾਨ ਲੈਂਦੇ ਸਨ। ਜਦੋਂ ਹਰਿਕ੍ਰਿਸ਼ਨ ਜੀ ਗੁਰਬਾਣੀ ਦਾ ਜਾਪ ਕਰਦੇ ਸਨ ਤਾਂ ਉਹ ਉਨ੍ਹਾਂ ਨੂੰ ਸੂਈ ਚੁਭਾ ਕੇ ਉਨ੍ਹਾਂ ਦੀ ਪ੍ਰੀਖਿਆ ਲੈਂਦੇ ਸਨ ਪਰ ਬਾਲ ਗੁਰੂ ਹਰਿਕ੍ਰਿਸ਼ਨ ਜੀ ਗੁਰਬਾਣੀ 'ਚ ਹੀ ਲੀਨ ਰਹਿੰਦੇ।
5 ਸਾਲ ਦੀ ਉਮਰ 'ਚ ਬਣੇ ਗੁਰੂ ਤੇ ਸਾਂਭੀ ਗੁਰਤਾ ਗੱਦੀ
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪਿਤਾ ਗੁਰੂ ਹਰਿ ਰਾਏ ਜੀ ਉਨ੍ਹਾਂ ਨੂੰ ਹਰ ਪੱਖੋਂ ਯੋਗ ਮੰਨਦੇ ਸਨ। ਇਸ ਲਈ ਉਨ੍ਹਾਂ ਨੇ ਸਾਲ 1661 ਵਿੱਚ ਉਨ੍ਹਾਂ ਨੂੰ ਗੁਰਤਾ ਗੱਦੀ ਸੌਂਪ ਦਿੱਤੀ ਗਈ ਸੀ। ਗੁਰਤਾ ਗੱਦੀ ਮਿਲਣ ਸਮੇਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਉਮਰ ਮਹਿਜ਼ 5 ਸਾਲ ਸੀ।
ਨਿੱਕੀ ਉਮਰੇ ਹੀ ਕਿਉਂ ਸੌਂਪੀ ਗਈ ਗੁਰਤਾ ਗੱਦੀ
ਗੁਰੂ ਹਰਿਕ੍ਰਿਸ਼ਨ ਜੀ ਦੇ ਪਿਤਾ, ਗੁਰੂ ਹਰਿ ਰਾਏ ਜੀ ਦੇ ਦੋ ਪੁੱਤਰ ਸਨ- ਰਾਮ ਰਾਏ ਅਤੇ ਹਰਿਕ੍ਰਿਸ਼ਨ, ਪਰ ਰਾਮ ਰਾਏ ਨੂੰ ਗੁਰੂ ਜੀ ਨੇ ਸਿੱਖ ਧਰਮ ਦੀਆਂ ਸੀਮਾਵਾਂ ਦੀ ਉਲੰਘਣਾ ਕਰਨ ਲਈ ਪਹਿਲਾਂ ਹੀ ਬੇਦਖਲ ਕਰ ਦਿੱਤਾ ਸੀ। ਇਸ ਲਈ, ਆਪਣੇ ਆਖ਼ਰੀ ਸਮੇਂ ਤੋਂ ਕੁੱਝ ਪਲ ਪਹਿਲਾਂ, ਗੁਰੂ ਹਰਿ ਰਾਏ ਨੇ ਸਿੱਖ ਧਰਮ ਦੀ ਬਾਗਡੋਰ ਆਪਣੇ ਛੋਟੇ ਪੁੱਤਰ ਨੂੰ ਸੌਂਪ ਦਿੱਤੀ, ਜੋ ਉਸ ਸਮੇਂ ਮਹਿਜ਼ 5 ਸਾਲ ਦੇ ਸਨ।
ਗਿਆਨ ਸਾਗਰ ਦੇ ਮਾਲਕ ਸਨ ਗੁਰੂ ਹਰਿਕ੍ਰਿਸ਼ਨ ਜੀ
ਗੁਰੂ ਹਰਿਕ੍ਰਿਸ਼ਨ ਜੀ ਸਿੱਖਾਂ ਦੇ ਅੱਠਵੇਂ ਗੁਰੂ ਬਣੇ। ਉਨ੍ਹਾਂ ਦੇ ਚਿਹਰੇ 'ਤੇ ਮਾਸੂਮੀਅਤ ਸੀ, ਪਰ ਕਿਹਾ ਜਾਂਦਾ ਹੈ ਕਿ ਨਿੱਕੀ ਉਮਰੇ ਵੀ ਉਨ੍ਹਾਂ ਕੋਲ ਗਿਆਨ ਸਾਗਰ ਸੀ। ਉਹ ਬੇਹਦ ਗਿਆਨੀ ਤੇ ਸੂਝਵਾਨ ਸਨ। ਪਿਤਾ ਦੇ ਜੋਤੀ-ਜੋਤ ਸਮਾਉਣ ਉੱਤੇ ਉਨ੍ਹਾਂ ਨੇ ਕੋਈ ਸੋਗ ਨਹੀਂ ਮਨਾਇਆ। ਬਲਕਿ ਉਨ੍ਹਾਂ ਨੇ ਸੰਗਤ ਦੇ ਰੁਬਰੂ ਹੋ ਕੇ ਇਹ ਪੈਗਾਮ ਦਿੱਤਾ ਕਿ ਗੁਰੂ ਜੀ ਪਰਮਾਤਮਾਂ ਦੇ ਚਰਨਾਂ 'ਚ ਗਏ ਹਨ, ਇਸ ਲਈ ਉਨ੍ਹਾਂ ਦੇ ਜਾਣ ਦਾ ਕੋਈ ਸੋਗ ਨਾਂ ਮਨਾਇਆ ਜਾਵੇ। ਗੁਰੂ ਹਰਿ ਰਾਏ ਜੀ ਦੇ ਜਾਣ ਮਗਰੋਂ ਵਿਸਾਖੀ ਦਾ ਤਿਉਹਾਰ ਆਇਆ, ਜਿਸ ਨੂੰ ਕਿ ਗੁਰੂ ਹਰਿਕ੍ਰਿਸ਼ਨ ਜੀ ਨੇ ਬੇਹਦ ਧੂਮਧਾਮ ਨਾਲ ਮਨਾਇਆ।
ਗੁਰੂ ਹਰਿਕ੍ਰਿਸ਼ਨ ਜੀ ਨੂੰ ਔਰੰਗਜ਼ੇਬ ਦਾ ਸੱਦਾ
ਅਜਿਹਾ ਮੰਨਿਆ ਜਾਂਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਜੀ ਦੇ ਵੱਡੇ ਭਰਾ ਰਾਮ ਰਾਏ ਨੇ ਔਰੰਗਜ਼ੇਬ ਕੋਲ ਇਹ ਸ਼ਿਕਾਇਤ ਕੀਤੀ ਸੀ ਕਿ ਗੁਰਤਾ ਗੱਦੀ 'ਤੇ ਉਸ ਦਾ ਹੱਕ ਹੈ। ਇਸ ਦੇ ਚਲਦੇ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਸੱਦਿਆ।
ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਸਿੱਖਾਂ ਦੇ ਨਵੇਂ ਤੇ ਬਾਲ ਉਮਰ ਦੇ ਗੁਰੂ ਦੇ ਘੱਟ ਸਮੇਂ 'ਚ ਪ੍ਰਸਿੱਧੀ ਮਿਲਣ ਦੀ ਗੱਲ ਪਤਾ ਲੱਗੀ ਤਾਂ ਉਸ ਨੂੰ ਬੇਹਦ ਈਰਖਾ ਹੋਈ। ਇਸ ਦੇ ਚਲਦੇ ਉਸ ਨੇ ਗੁਰੂ ਜੀ ਨੂੰ ਮਿਲਣ ਲਈ ਦਿੱਲੀ ਸੱਦਿਆ।
ਗੁਰੂ ਹਰਿਕ੍ਰਿਸ਼ਨ ਜੀ ਦੀ ਯਾਦ 'ਚ ਮਸ਼ਹੂਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅਸਲ ਵਿੱਚ ਇੱਕ ਬੰਗਲਾ ਹੈ, ਜੋ ਕਿ 7ਵੀਂ ਸ਼ਤਾਬਦੀ ਦੇ ਸ਼ਾਸਕ ਰਾਜਾ ਜੈ ਸਿੰਘ ਦਾ ਸੀ। ਕਿਹਾ ਜਾਂਦਾ ਹੈ ਜਦੋਂ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਸੱਦਿਆ ਸੀ ਤਾਂ ਉਦੋਂ ਗੁਰੂ ਜੀ ਇਸ ਬੰਗਲੇ ਵਿੱਚ ਠਹਿਰੇ ਸਨ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਜੀ ਜਦੋਂ ਦਿੱਲੀ ਪੁੱਜੇ ਤਾਂ ਦਿੱਲੀ ਵਿੱਚ ਚੇਚਕ ਦੀ ਮਹਾਂਮਾਰੀ ਫੈਲੀ ਹੋਈ ਸੀ। ਗੁਰੂ ਜੀ ਨੇ ਇਸ ਬੰਗਲੇ ਦੇ ਅੰਦਰ ਸਰੋਵਰ ਦੇ ਪਵਿੱਤਰ ਜਲ ਨਾਲ ਲੋਕਾਂ ਦਾ ਇਲਾਜ ਕੀਤਾ ਸੀ। ਜਿਸ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਜੀ ਦੀ ਯਾਦ 'ਚ ਇਸ ਸਥਾਨ ਦਾ ਨਾਂਅ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਰੱਖ ਦਿੱਤਾ ਗਿਆ।
ਕਿਉਂ ਕਿਹਾ ਜਾਂਦਾ ਹੈ ਬਾਲਾ ਪੀਰ(Bala peer)
ਗੁਰੂ ਹਰਿਕ੍ਰਿਸ਼ਨ ਜੀ ਨੇ ਬੇਹਦ ਘੱਟ ਸਮੇਂ ਵਿੱਚ ਜਨਤਾ ਦੇ ਨਾਲ ਮਿੱਤਰਤਾ ਕਰਕੇ ਪ੍ਰਸਿੱਧੀ ਹਾਸਲ ਕਰ ਲਈ ਸੀ। ਗੁਰੂ ਜੀ ਨੇ ਉੱਚ-ਨੀਚ ਤੇ ਜਾਤ-ਪਾਤ ਦਾ ਭੇਦਭਾਵ ਖ਼ਤਮ ਕਰਕੇ ਸੇਵਾ ਅਭਿਆਨ ਚਲਾਇਆ। ਉਨ੍ਹਾਂ ਦੇ ਸੇਵਾ ਭਾਵ ਨੂੰ ਵੇਖਦੇ ਹੋਏ ਲੋਕ ਉਨ੍ਹਾਂ ਨੂੰ ਬਾਲਾ ਪੀਰ ਬਲਾਉਣ ਲੱਗੇ।
8 ਸਾਲ ਦੀ ਉਮਰੇ ਹੋਏ ਗੁਰੂ ਚਰਨਾਂ 'ਚ ਲੀਨ
ਚੇਚਕ ਮਹਾਂਮਾਰੀ ਦੇ ਦੌਰਾਨ ਚੇਚਕ ਮਰੀਜ਼ਾਂ ਜੀ ਦੇਖਭਾਲ ਕਰਦੇ-ਕਰਦੇ ਗੁਰੂ ਜੀ ਖ਼ੁਦ ਇਸ ਦੀ ਚਪੇਟ ਵਿੱਚ ਆ ਗਏ। ਆਪਣੇ ਅੰਤ ਸਮੇਂ ਨੂੰ ਨੇੜੇ ਵੇਖਦੇ ਹੋਏ ਗੁਰੂ ਜੀ ਨੇ ਆਪਣੀ ਮਾਤਾਂ ਨੂੰ ਆਪਣੇ ਕੋਲ ਬੁਲਾਇਆ ਤੇ ਉਨ੍ਹਾਂ ਨੂੰ ਦੱਸਿਆ ਕਿ ਗੁਰੂ ਜੀ ਦੇ ਜੀਵਨ ਦਾ ਅੰਤ ਸਮਾਂ ਨੇੜੇ ਹੈ। ਜਦੋਂ ਲੋਕਾਂ ਨੇ ਇਹ ਕਿਹਾ ਕਿ ਗੁਰੂ ਗੱਦੀ 'ਤੇ ਕੌਣ ਬੈਠੇਗਾ ਤਾਂ ਉਨ੍ਹਾਂ ਨੇ ਬਾਬਾ ਬਕਾਲਾ ਦਾ ਨਾਂਅ ਲਿਆ। ਇਸ ਦਾ ਅਰਥ ਸੀ, ਉਨ੍ਹਾਂ ਦਾ ਉੱਤਰਾਅਧਿਕਾਰੀ ਬਕਾਲਾ ਪਿੰਡ ਵਿੱਚ ਲੱਭਿਆ ਜਾਵੇਗਾ। 30 ਮਾਰਚ 1964 ਨੂੰ ਚੇਚਕ ਦੀ ਬਿਮਾਰੀ ਕਾਰਨ ਗੁਰੂ ਹਰਿਕ੍ਰਿਸ਼ਨ ਜੀ ਮਹਿਜ਼ 8 ਸਾਲ ਦੀ ਉਮਰ ਵਿੱਚ ਹੀ ਗੁਰੂ ਚਰਨਾਂ 'ਚ ਲੀਨ ਹੋ ਗਏ। ਗੁਰੂ ਹਰਿਕ੍ਰਿਸ਼ਨ ਰਾਏ ਜੀ ਦੇ ਉੱਤਰਾਅਧਿਕਾਰੀ ਸ੍ਰੀ ਗੁਰੂ ਤੇਗ ਬਾਹਦਰ ਜੀ ਸਨ, ਜਿੰਨ੍ਹਾਂ ਜਨਮ ਬਕਾਲਾ ਪਿੰਡ ਵਿੱਚ ਹੋਇਆ ਸੀ।