ਅੰਮ੍ਰਿਤਸਰ:ਭਾਈ ਸਤਨਾਮ ਸਿੰਘ ਝੰਗੀਆਂ ਜਥੇਦਾਰ, ਜਗਤਾਰ ਸਿੰਘ ਹਵਾਰਾ ਕਮੇਟੀ ਨੇ ਬੰਦੀ ਛੋੜ ਦਿਵਸ ਮੌਕੇ 'ਤੇ ਸਿੱਖ ਸੰਗਤਾਂ ਲਈ ਇੱਕ ਸੰਦੇਸ਼ ਜਾਰੀ ਕੀਤਾ।
ਆਓ ਜਾਣੀਏ ਕੀ ਹੈ ਸੰਦੇਸ਼
ਸਿੱਖ ਧਰਮ ਜਿੱਥੇ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਦੀ ਜੁਗਤ ਸਿਖਾਉਂਦਾ ਹੈ। ਉੱਥੇ ਸਾਰੇ ਧਰਮਾਂ ਦੀ ਆਜ਼ਾਦੀ ਅਤੇ ਇਕ ਦੂਜੇ ਪ੍ਰਤੀ ਸਹਿਨਸ਼ੀਲਤਾ ਦਾ ਸਿਧਾਂਤ ਵੀ ਦ੍ਰਿੜ ਕਰਵਾਉਂਦਾ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਤਵਾਰੀਖ ਵਿੱਚ ਕ੍ਰਾਂਤੀਕਾਰੀ ਮੋੜ ਲਿਆਂਦਾ।
ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਕੇ ਸਿੱਖਾਂ ਨੂੰ ਪ੍ਰਭੂਸੱਤਾ ਸਿਧਾਂਤ ਦੇ ਨਾਲ ਨਾਲ ਸ਼ਸਤਰ ਵਿਦਿਆ ਵਿੱਚ ਵੀ ਨਿਪੁੰਨ ਕੀਤਾ। ਅੱਜ ਦੇ ਮੁਤਸਵੀ ਹਾਕਮਾਂ ਵਾਂਗ ਜਹਾਂਗੀਰ ਨੂੰ ਵੀ ਇਹ ਸਭ ਕੁਝ ਬਰਦਾਸ਼ਤ ਨਹੀਂ ਫਲਸਰੂਪ ਮੀਰੀ ਦੇ ਮਾਲਿਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦੀ ਹੋਈ।
ਗੁਰਬਾਣੀ ਦੇ ਪ੍ਰਵਾਹ ਅਤੇ ਕੀਰਤਨ ਦੇ ਅਖਾੜਿਆਂ ਨਾਲ ਰੱਬੀ ਬਾਣੀ ਦੀਆਂ ਗੂੰਜਾਂ ਕਿਲ੍ਹੇ ਤੋਂ ਬਾਹਰ ਗਗਨ ਮੰਡਲ ਤੱਕ ਪਹੁੰਚ ਗਈਆਂ। ਬਾਬਰ ਦਾ ਜੇਲ੍ਹ ਖ਼ਾਨਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਸੱਚ ਦੇ ਮਾਰਗ ਤੋ ਡਗਮਗਾ ਨਹੀਂ ਸਕਿਆ। ਉਸੇ ਤਰ੍ਹਾਂ ਜਹਾਂਗੀਰ ਵਲੋਂ ਕੀਤੀ ਗ੍ਰਿਫ਼ਤਾਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਇਰਾਦੇ ਵਿੱਚ ਕੋਈ ਬਦਲਾਵ ਨਹੀਂ ਲਿਆ ਸਕੀ। ਆਖਿਰ ਸੱਚ ਦੀ ਜਿੱਤ ਹੋਈ। ਜਹਾਂਗੀਰ ਨੇ ਗੁਰੂ ਸਾਹਿਬ ਦੀ ਰਿਹਾਈ ਦੇ ਹੁਕਮ ਦਿੱਤੇ।
ਗੁਲਾਮੀ ਤੋਂ ਨਿਜਾਤ ਪਾਉਣ ਲਈ ਬੰਦੀ ਛੋੜ ਦਿਵਸ ਤੋਂ ਸੇਧ ਲਈਏ ਪਰ ਸੱਚੀ ਸਰਕਾਰ ਨੇ ਇਕੱਲੇ ਜੇਲ੍ਹ ਤੋਂ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ। ਮੁਕਤੀ ਦੇ ਦਾਤੇ ਨੇ ਆਪਣੇ ਨਾਲ 52 ਹੋਰ ਰਾਜਿਆਂ ਨੂੰ ਵੀ ਜੇਲ੍ਹ ਤੋਂ ਆਜ਼ਾਦ ਕਰਵਾਇਆ। ਸੰਗਤਾਂ ਨੇ ਬੰਦੀ ਛੋੜ ਦਾਤੇ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਵਾਪਸੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਣਾ ਆਰੰਭ ਕਰ ਦਿੱਤਾ, ਜੋ ਕਿ ਅੱਜ ਵੀ ਜਾਰੀ ਹੈ।
ਇਤਿਹਾਸ ਦੇ ਪੰਨਿਆਂ ਤੋਂ ਸੇਧ ਲੈਣੀ ਸਾਡਾ ਫਰਜ਼ ਹੈ। ਉਸ ਸਮੇਂ ਦੇ ਹਾਕਮਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੀ ਹੋਂਦ ਚੰਗੀ ਨਹੀਂ ਲੱਗੀ ਸੀ ਅਤੇ ਅੱਜ ਦੇ ਦਿੱਲੀ ਦੇ ਹੁਕਮਰਾਨਾਂ ਨੂੰ ਵੀ ਇਹ ਬਰਦਾਸ਼ਤ ਨਹੀਂ ਹੋ ਰਿਹਾ ਹੈ।
ਕੋਈ ਇਹਨੂੰ ਇਮਾਰਤ ਸਮਝ ਕੇ ਹਮਲਾ ਕਰਦਾ ਹੈ ਤੇ ਕੋਈ ਇਸਦੇ ਸਿਧਾਂਤ ਨੂੰ ਢਾਹ ਲਾ ਰਿਹਾ ਹੈ। ਇਸ ਦੁਖਦਾਈ ਵਰਤਾਰੇ ਲਈ ਸਾਡੇ ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਜਿੱਥੇ ਜ਼ੁੰਮੇਵਾਰ ਹਨ ਉੱਥੇ ਸਾਡਾ ਅਵੇਸਲਾਪਨ ਅਤੇ ਕਿਸੇ ਨੂੰ ਨਰਾਜ਼ ਨਾ ਕਰਨ ਦਾ ਮਨੋਰੋਗ ਵੀ ਜ਼ੁੰਮੇਵਾਰ ਹੈ।
ਗੁਰਮਤਿ ਦੇ ਸਿਧਾਂਤਾਂ ਨੂੰ ਖੇਰੂੰ ਖੇਰੂੰ ਹੁੰਦਿਆਂ ਦੇਖ ਕੇ ਚੁੱਪ ਰਹਿਣਾ ਵੀ ਗੁਰੂ ਨੂੰ ਪਿੱਠ ਦਿਖਾਉਣਾ ਹੈ। ਸਾਨੂੰ ਦਿੱਲੀ ਦੇ ਸਿਆਸੀ ਕੁੱਖੋਂ ਦੇ ਰੋਲ ਰੱਪੇ ਵਿੱਚ 'ਸਭ ਸੁਖਾਲੀ ਵੁਠੀਆ ਇਹੁ ਹੋਆ ਹਲਮੀ ਰਾਜ ਜਿਉਂ ਦਾ ਪਾਤਸ਼ਾਹੀ' ਦਾਅਵਾ ਭੁੱਲ ਗਿਆ ਹੈ। ਜਿਸਨੂੰ ਬੰਦੀ ਛੋੜ ਦਿਵਸ ਤੇ ਯਾਦ ਕਰਨ ਵਿੱਚ ਲਿਆਉਣ ਦੀ ਲੋੜ ਹੈ।
ਅਮਲ ਬੇਸ਼ਕ ਤਿੰਨ ਕਾਲੇ ਕਿਸਾਨੀ ਬਿੱਲਾਂ ਨੂੰ ਰੱਦ ਕਰਵਾਉਣਾ ਪੰਥ ਦੀ ਅਖੀਰਲੀ ਮੰਜਿਲ ਨਹੀਂ ਹੈ, ਪਰ ਮੌਜੂਦਾ ਕਿਸਾਨੀ ਸੰਘਰਸ਼ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਅੱਜ ਸਾਡੇ ਕਿਸਾਨ ਵੀਰਾਂ ਨੂੰ ਸੰਘਰਸ਼ ਕਰਦਿਆਂ ਇੱਕ ਸਾਲ ਹੋ ਚਲਿਆਂ ਹੈ।
ਇਸ ਦੌਰਾਨ ਸੱਤ ਸੌ ਤੋਂ ਵੱਧ ਕਿਸਾਨ ਭਰਾ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸਾਡੀ ਹਰ ਆਵਾਜ਼ ਨੂੰ ਜ਼ੁਲਮ ਦੀ ਤਾਕਤ ਨਾਲ ਦਬਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਚਾਰੇ ਪਾਸੇ ਕੌਮੀ ਨਿਰਾਸ਼ਾ ਹੈ। ਤਾਂ ਫਿਰ ਦੱਸੋ ਕਾਹਦੀਆਂ ਖੁਸ਼ੀਆਂ ਮਨਾ ਰਹੇ ਹਾਂ। ਪਰ ਕਾਲੇ ਬੱਦਲਾਂ ਵਿੱਚੋਂ ਵੀ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਚਮਕਦੀ ਹੋਈ ਆਸ਼ਾ ਦੀ ਕਿਰਨ ਵਿਖਾ ਕੇ ਸਾਨੂੰ ਚੜਦੀਕਲਾ ਵਿੱਚ ਰਹਿਣ ਦਾ ਬਲ ਬਖ਼ਸ਼ਦੇ ਹਨ।
ਅੱਜ ਬਹੁਗਿਣਤੀ ਲੋਕਾਂ ਨੇ ਕੂੜ ਪ੍ਰਚਾਰ ਰਾਹੀਂ ਖਾਲਸੇ ਦੀ ਨਿਆਰੀ, ਨਿਰਾਲੀ ਅਤੇ ਵਿਲੱਖਣ ਹੋਂਦ ਨੂੰ ਆਪਣੇ ਵਿੱਚ ਜਜ਼ਬ ਕਰਨ ਜਾਂ ਆਪਣਾ ਹਿੱਸਾ ਦੱਸਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ। ਗੁਰੂ ਦਾ ਹੁਕਮ 'ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈ ਸਾਰਾ’ ਸਾਨੂੰ ਵਿਸਰ ਗਿਆ ਹੈ।
ਇਸਦੇ ਚੱਲਦਿਆਂ ਸਾਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ, ਕਿ ਬਾਹਰਲੇ ਦੀਪਕ (ਦੀਵੇ) ਅਤੇ ਮੋਮਬੱਤੀਆਂ ਦੀ ਮਿਆਦ ਬਹੁਤ ਥੋੜ੍ਹੇ ਸਮੇਂ ਦੀ ਹੈ। ਪਰ ਜੇ ਗੁਰੂ ਅਰਜਨ ਪਾਤਸ਼ਾਹ ਨੂੰ ਪੁੱਛੀਏ ਤਾਂ ਜਵਾਬ ਮਿਲਦਾ ਹੈ, ਕਿ ਜਿਸ ਮਨ ਅੰਦਰ ਗੁਰੂ ਦੇ ਸ਼ਬਦ ਦੇ ਦੀਪਕ ਦਾ ਪ੍ਰਕਾਸ਼ ਹੁੰਦਾ ਹੈ। ਉਸ ਮਨ ਵਿੱਚੋਂ ਅਗਿਆਨਤਾ ਦਾ ਅਧਿਕਾਰ ਅਲੋਪ ਹੋ ਜਾਂਦਾ ਹੈ।
ਗੁਰੂ ਸਾਹਿਬ ਦਾ ਬਿਲਾਵਲ ਰਾਗ ਵਿੱਚ ਉਪਦੇਸ਼ ਹੈ 'ਸਤਿਗੁਰ ਸ਼ਬਦਿ ਉਜਾਰੋ ਦੀਪਾ॥ ਬਿਨਸਿਓ ਅਧਕਾਰ ਤਿਹ ਮੰਦਿਰ ਰਤਨ ਕੋਠੜੀ ਖੁਲੀ ਅਨੂਪਾ ਆਉ!'ਗੁਰੂ ਦੇ ਸ਼ਬਦ ਅਤੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਪੰਥ ਅਤੇ ਮਨੁੱਖਤਾ ਦੀ ਸੇਵਾ ਕਰੀਏ। ਇਸ ਪਾਵਨ ਦਿਹਾੜੇ ਤੇ ਲੋੜ ਹੈ ਆਪਸੀ ਧੜੇਬੰਦੀ ਦੀ ਦੂਰੀਆਂ ਨੂੰ ਖ਼ਤਮ ਕਰਨ ਦੀ।
ਕੌਮੀ ਪ੍ਰਾਪਤੀ ਲਈ ਮਤਭੇਦ ਭੁਲਾਉਣ ਦੀ ਬਹੁਤ ਲੋੜ ਹੈ। ਅੰਤ ਵਿੱਚ ਮੈ ਬੰਦੀ ਛੋੜ ਦਿਵਸ ਤੇ ਪਿਛਲੇ 25-30 ਸਾਲਾਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਬਾਰੇ ਕਹਾਗਾਂ ਕਿ ਅਸੀਂ ਸਿੱਖ ਸਿਧਾਂਤਾਂ ਦੇ ਪਹਿਰੇਦਾਰ ਹਾਂ। ਅਸੀਂ ਨਾ ਤਾਂ ਪਹਿਲਾ ਸਿਧਾਂਤਾਂ ਨਾਲ ਸਮਝੌਤਾ ਕੀਤਾ ਸੀ ਤੇ ਨਾ ਹੁਣ ਕਰਾਂਗੇ। ਗੁਰੂ ਸਾਹਿਬ ਪੰਥ ਦਾ ਭਲਾ ਕਰਨਗੇ।
ਇਹ ਵੀ ਪੜ੍ਹੋ:ਬਰਨਾਲਾ ਜੇਲ੍ਹ ਦੇ ਕੈਦੀ ਵਲੋਂ ਲਗਾਏ ਇਲਜ਼ਾਮਾਂ ਨੂੰ ਸੁਪਰਡੈਂਟ ਨੇ ਨਕਾਰਿਆ, ਕਿਹਾ...