ਅੰਮ੍ਰਿਤਸਰ: ਪੰਜਾਬ ਸਰਕਾਰ ਸੂਬੇ ਅੰਦਰ ਸਿਹਤ ਸਹੂਲਤਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਉੱਥੇ ਹੀ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਪੰਜਾਬ ਦੇ ਵੱਖ ਵੱਖ ਹਸਪਤਾਲਾਂ ਦੇ ਦੌਰੇ ਕਰਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣ ਰਹੇ ਹਨ ਪਰ ਇਸਦੇ ਉਲਟ ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਗੱਗੋਮਾਹਲ ਅੰਦਰ ਬਣੀ ਪੀਐਚਸੀ ਡਿਸਪੈਂਸਰੀ ਦਾ ਹਾਲ ਇਨ੍ਹਾਂ ਜਿਆਦਾ ਮਾੜਾ ਹੈ ਕਿ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੱਸ ਦਈਏ ਕਿ ਬੀਤੇ ਦਿਨ ਪਏ ਮੀਂਹ ਦੇ ਕਾਰਨ ਡਿਸਪੈਂਸਰੀ ਅੰਦਰ ਪਾਣੀ ਖੜ੍ਹਾ ਹੋ ਗਿਆ ਹੈ ਜਿੱਥੇ ਆਉਣ ਜਾਣ ਵਾਲੇ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਡਿਸਪੈਂਸਰੀ ਦੀ ਖਸਤਾ ਹਾਲਤ ਕਰਕੇ ਡਾਕਟਰ ਅਤੇ ਹੋਰ ਸਟਾਫ ਪਿੰਡ ਦੇ ਪੰਚਾਇਤ ਘਰ ਅੰਦਰ ਲੋਕਾਂ ਦਾ ਚੈੱਕਅੱਪ ਕਰ ਰਹੇ ਹਨ।
ਹਸਪਤਾਲ ’ਚ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਦਾ ਕਹਿਣਾ ਹੈ ਕਿ ਡਿਸਪੈਂਸਰੀ ਅੰਦਰ ਪਾਣੀ ਹੋਣ ਕਰਕੇ ਕਿਸੇ ਹਾਦਸੇ ਹੋਣ ਦਾ ਖਤਰਾ ਬਣਿਆ ਹੋਇਆ ਹੈ। ਉੱਥੇ ਹੀ ਪਾਣੀ ਅੰਦਰ ਸੱਪ ਤੁਰੇ ਫਿਰਦੇ ਹਨ ਜੋ ਮਰੀਜ਼ਾਂ ਦੇ ਲਈ ਡਰ ਦਾ ਸਬਬ ਬਣਿਆ ਹੋਇਆ ਹੈ।