ਅੰਮ੍ਰਿਤਸਰ: ਬਿਨਾਂ ਕਿਸੇ ਕੋਲੋਂ ਇੱਕ ਵੀ ਪੈਸਾ ਇਕੱਠਾ ਕੀਤਿਆਂ, ਨਿਰੋਲ ਆਪਣੀ ਨਿਜੀ ਤੇ ਨੇਕ ਕਮਾਈ 'ਚੋਂ ਲੋੜਵੰਦਾਂ ਲਈ ਕਰੋੜਾਂ ਰੁਪਏ ਖਰਚਣ ਵਾਲੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਲੋੜਵੰਦ ਲੋਕਾਂ ਲਈ ਸ਼ੁਰੂ ਕੀਤੀ ਗਈ ਪੈਨਸ਼ਨ ਯੋਜਨਾ ਤਹਿਤ 11 ਹਜ਼ਾਰ ਤੋਂ ਵਧੇਰੇ ਪਰਿਵਾਰਾਂ ਨੂੰ 500 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਮਹੀਨਾਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ।
ਡਾ. ਐੱਸ.ਪੀ. ਸਿੰਘ ਓਬਰਾਏ ਬਣੇ ਬੇਸਹਾਰਿਆ ਦਾ ਸਹਾਰਾ ਇਹ ਵੀ ਪੜੋ: ਸੌਣ ਮਹੀਨੇ ਦੇ ਪਹਿਲੇ ਦਿਨ ਭਗਤਾਂ ਵੱਲੋਂ ਭਗਵਾਨ ਸ਼ਿਵ ਦੀ ਪੂਜਾਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ 2013 'ਚ ਜਦ ਟਰੱਸਟ ਦੀਆਂ ਸਰਗਰਮੀਆਂ ਵਧੀਆਂ ਤਾਂ ਵੱਖ- ਵੱਖ ਖੇਤਰਾਂ 'ਚ ਜਾਣ 'ਤੇ ਪਤਾ ਲੱਗਾ ਕਿ ਬਹੁਤ ਸਾਰੀਆਂ ਲੋੜਵੰਦ ਵਿਧਵਾਵਾਂ ਤੇ ਬੇਸਹਾਰਾ ਬਜ਼ੁਰਗ ਔਰਤਾਂ ਆਪਣੀ ਦੋ ਵਕਤ ਦੀ ਰੋਟੀ ਲਈ ਲੋਕਾਂ ਦੇ ਘਰਾਂ ਅੰਦਰ ਸਫਾਈਆਂ ਕਰਕੇ ਜਾਂ ਕੱਪੜੇ ਤੇ ਭਾਂਡੇ ਆਦਿ ਸਾਫ਼ ਕਰਕੇ ਗੁਜ਼ਾਰਾ ਚਲਾ ਰਹੀਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਫ਼ੈਸਲਾ ਕੀਤਾ ਕਿ ਅਜਿਹੇ ਲੋਕਾਂ ਲਈ ਪੈਨਸ਼ਨ ਸਕੀਮ ਸ਼ੁਰੂ ਕੀਤੀ ਜਾਵੇ, ਜਿਸ ਤਹਿਤ ਟਰੱਸਟ ਵੱਲੋਂ ਵਿਧਵਾਵਾਂ, ਬੇਸਹਾਰਾ ਬਜ਼ੁਰਗ ਔਰਤਾਂ,ਮਰਦਾਂ ਤੇ ਅੰਗਹੀਣ ਲੋਕਾਂ ਦੇ ਗੁਜ਼ਾਰੇ ਜਾਂ ਮੈਡੀਕਲ ਸਹੂਲਤ ਲਈ 500 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਮਹੀਨਾਵਾਰ ਪੈਨਸ਼ਨ ਦੇਣੀ ਸ਼ੁਰੂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਉਪਰੋਕਤ ਤੋਂ ਇਲਾਵਾ 1984 ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲਿਆਂ ਦੇ ਲੋੜਵੰਦ ਪਰਿਵਾਰਾਂ, ਅਫ਼ਗ਼ਾਨਿਸਤਾਨ ਤੋਂ ਉੱਜੜ ਕੇ ਆਏ ਅਫਗਾਨੀ ਸਿੱਖਾਂ, ਦੁਬਈ 'ਚੋਂ ਜਿਨ੍ਹਾਂ ਦੇ ਮ੍ਰਿਤਕ ਸਰੀਰ ਟਰੱਸਟ ਵੱਲੋਂ ਵਾਪਸ ਭਾਰਤ ਲਿਆਂਦੇ ਜਾਂਦੇ ਹਨ,ਉਨ੍ਹਾਂ ਦੇ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੀ ਆਰਥਿਕ ਹਾਲਤ ਅਨੁਸਾਰ 2000 ਤੋਂ 10000 ਰੁਪਏ ਤੱਕ ਪੈਨਸ਼ਨ ਜਦ ਕਿ ਕੁਝ ਕੇਸਾਂ 'ਚ ਮ੍ਰਿਤਕਾਂ ਦੀਆਂ ਬੱਚੀਆਂ ਦੇ ਵਿਆਹਾਂ ਵਾਸਤੇ ਉਨ੍ਹਾਂ ਦੇ ਨਾਮ ਬੈਂਕ 'ਚ 1 ਲੱਖ ਤੋਂ ਲੈ ਕੇ 4 ਲੱਖ ਤੱਕ ਐਫ਼.ਡੀ. (ਫ਼ਿਕਸ ਡਿਪਾਜ਼ਟ) ਕਰਵਾਉਣ ਅਤੇ ਬਹੁਤ ਸਾਰੇ ਅਜਿਹੇ ਕਲਾਕਾਰਾਂ ਤੇ ਆਰਟਿਸਟਾਂ ਨੂੰ ਜਿਨ੍ਹਾਂ ਦਾ ਵਡੇਰੀ ਉਮਰ 'ਚ ਕੋਈ ਆਸਰਾ ਨਹੀਂ ਹੈ, ਉਨ੍ਹਾਂ ਨੂੰ ਘਰ ਦੇ ਗੁਜ਼ਾਰੇ ਤੇ ਇਲਾਜ ਆਦਿ ਲਈ 5 ਹਜ਼ਾਰ ਤੋਂ 10 ਹਜ਼ਾਰ ਰੁਪਏ ਤੱਕ ਪੈਨਸ਼ਨ ਦਿੱਤੀ ਜਾ ਰਹੀ ਹੈ।
ਡਾ.ਓਬਰਾਏ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਫ਼ਾਜ਼ਿਲਕਾ, ਅਬੋਹਰ ਵਾਲੇ ਪਾਸੇ ਪਿੰਡਾਂ 'ਚ ਜਾ ਕੇ ਵੇਖਿਆ ਤਾਂ ਉੱਥੇ ਬਹੁਤ ਸਾਰੇ ਘਰਾਂ 'ਚ ਬਜ਼ੁਰਗ ਆਪਣੇ ਪਰਿਵਾਰ ਦੇ ਗੂੰਗੇ-ਬੋਲੇ, ਅੱਖਾਂ ਦੀ ਰੌਸ਼ਨੀ ਤੋਂ ਵਾਂਝੇ, ਅੰਗਹੀਣ ਤੇ ਮਾਨਸਿਕ ਤੌਰ 'ਤੇ ਬਿਮਾਰ ਬੱਚਿਆਂ ਨੂੰ ਬਹੁਤ ਮੁਸ਼ਕਲ ਹਾਲਾਤਾਂ 'ਚ ਸਾਂਭ ਰਹੇ ਸਨ, ਜਿਸ ਤੇ ਉਨ੍ਹਾਂ ਨੇ ਉਸ ਸਮੇਂ ਤੁਰੰਤ ਫ਼ੈਸਲਾ ਲੈਂਦਿਆਂ ਅਜਿਹੇ ਪਰਿਵਾਰਾਂ ਨੂੰ ਵਿਧਵਾ ਔਰਤਾਂ ਸਮੇਤ ਪ੍ਰਤੀ ਪ੍ਰਭਾਵਿਤ ਮੈਂਬਰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣੀ ਸ਼ੁਰੂ ਕੀਤੀ। ਜਿਸ ਤਹਿਤ 400 ਦੇ ਕਰੀਬ ਅਜਿਹੇ ਪਰਿਵਾਰਾਂ ਨੂੰ ਇੱਕ ਹਜ਼ਾਰ ਤੋਂ ਲੈ ਕੇ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ।
ਡਾ. ਓਬਰਾਏ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਰਗਿਲ,ਪੁਲਵਾਮਾ ਤੇ ਗ਼ਲਵਾਨ ਘਾਟੀ 'ਚ ਦੇਸ਼ ਲਈ ਕੁਰਬਾਨ ਹੋਣ ਵਾਲੇ ਫੌਜ, ਸੀ.ਆਰ.ਪੀ.ਐੱਫ., ਬੀ.ਐੱਸ.ਐੱਫ. ਅਤੇ ਹੋਮ ਗਾਰਡ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਪੰਜ ਹਜ਼ਾਰ ਤੋਂ ਲੈ ਕੇ ਦਸ ਹਜ਼ਾਰ ਰੁਪਏ ਤੱਕ ਪੈਨਸ਼ਨ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪੈਨਸ਼ਨ ਦੀ ਰਕਮ ਦਾ ਫ਼ੈਸਲਾ, ਪ੍ਰਭਾਵਿਤ ਪਰਿਵਾਰ ਦੇ ਹਾਲਾਤ ਮੁਤਾਬਕ ਟਰੱਸਟ ਵੱਲੋਂ ਗਠਿਤ ਇੱਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ਵਾਲੀ ਥਾਂ ਆਪਣੀ ਜਾਨ ਗਵਾਉਣ ਵਾਲੇ ਸ਼ਹੀਦ ਕਿਸਾਨਾਂ ਦੇ ਲੋੜਵੰਦ ਪਰਿਵਾਰਾਂ ਨੂੰ ਵੀ ਟਰੱਸਟ ਵਲੋਂ ਪੰਜ ਹਜ਼ਾਰ ਤੋਂ ਦਸ ਹਜ਼ਾਰ ਰੁਪਏ ਤੱਕ ਮਹੀਨਾਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ, ਜਿਸ ਦਾ ਫ਼ੈਸਲਾ ਵੀ ਟਰੱਸਟ ਦੀ ਵਿਸ਼ੇਸ਼ ਕਮੇਟੀ ਵੱਲੋਂ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ ਕੁੱਲ ਮਿਲਾ ਕੇ ਗਿਆਰਾਂ ਹਜ਼ਾਰ ਤੋਂ ਵਧੇਰੇ ਲੋੜਵੰਦ ਲੋਕਾਂ ਨੂੰ ਮਹੀਨਾਵਾਰ ਪੈਨਸ਼ਨ ਦੀ ਸਹੂਲਤ ਦਿੱਤੀ ਜਾ ਰਹੀ,ਜੋ ਆਉਣ ਵਾਲੇ ਸਮੇਂ ਅੰਦਰ ਵੀ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ 800 ਤੋਂ ਵਧੇਰੇ ਅਜਿਹੇ ਲੋਕਾਂ ਨੂੰ ਘਰ ਵੀ ਬਣਾ ਕੇ ਦਿੱਤੇ ਹਨ ਜੋ ਬੇਸਹਾਰਾ ਹੋਣ ਕਾਰਨ ਤੰਬੂ ਜਾਂ ਆਰਜ਼ੀ ਤਰਪਾਲ ਦੀ ਛੱਤ ਹੇਠ ਹੀ ਆਪਣੀ ਜ਼ਿੰਦਗੀ ਜੀਅ ਰਹੇ ਸਨ।
ਇਹ ਵੀ ਪੜੋ: ਅਕਾਲੀ ਦਲ ਤੇ ਬਸਪਾ ਨੇ ‘ਆਪ’ ਆਗੂ ਅਨਮੋਲ ਗਗਨ ਮਾਨ ਖ਼ਿਲਾਫ਼ ਕੀਤਾ ਪ੍ਰਦਰਸ਼ਨ